ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਟੀ-20 ਮੈਚ ਅੱਜ ਐਜਬੈਸਟਨ ‘ਚ ਖੇਡਿਆ ਜਾਵੇਗਾ। ਇਹ ਮੈਚ ਐਜਬੈਸਟਨ, ਬਰਮਿੰਘਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਦਰਅਸਲ, ਭਾਰਤ ਅਤੇ ਇੰਗਲੈਂਡ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਮੇਜ਼ਬਾਨ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ‘ਚ ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ ਅਤੇ ਵਿਰਾਟ ਕੋਹਲੀ ਵਰਗੇ ਸੀਨੀਅਰ ਖਿਡਾਰੀ ਭਾਰਤੀ ਟੀਮ ‘ਚ ਵਾਪਸੀ ਕਰਨਗੇ। ਸਾਊਥੈਂਪਟਨ ‘ਚ ਖੇਡੇ ਗਏ ਪਹਿਲੇ ਟੀ-20 ਮੈਚ ‘ਚ ਵਿਰਾਟ ਕੋਹਲੀ ਸਮੇਤ ਤਿੰਨੋਂ ਖਿਡਾਰੀ ਟੀਮ ਇੰਡੀਆ ਦਾ ਹਿੱਸਾ ਨਹੀਂ ਸਨ ਪਰ ਇਸ ਦੇ ਬਾਵਜੂਦ ਭਾਰਤ ਨੇ ਇੰਗਲੈਂਡ ਨੂੰ 50 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।
ਜੇਕਰ ਭਾਰਤੀ ਟੀਮ ਦੂਜਾ ਟੀ-20 ਜਿੱਤਣ ‘ਚ ਸਫਲ ਰਹਿੰਦੀ ਹੈ ਤਾਂ ਸੀਰੀਜ਼ ਆਪਣੇ ਨਾਂ ਕਰ ਲਵੇਗੀ। ਇਸ ਦੇ ਨਾਲ ਹੀ ਇੰਗਲੈਂਡ ਦੇ ਖਿਲਾਫ ਟੀ-20 ‘ਚ ਟੀਮ ਇੰਡੀਆ ਦਾ ਰਿਕਾਰਡ ਚੰਗਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 20 ਟੀ-20 ਮੈਚ ਖੇਡੇ ਗਏ ਹਨ, ਜਿਸ ‘ਚ ਭਾਰਤੀ ਟੀਮ ਨੇ 11 ਮੈਚ ਜਿੱਤੇ ਹਨ। ਭਾਰਤ ਅਤੇ ਇੰਗਲੈਂਡ ਵਿਚਾਲੇ ਐਜਬੈਸਟਨ ‘ਚ ਹੁਣ ਤੱਕ 1 ਟੀ-20 ਮੈਚ ਖੇਡਿਆ ਗਿਆ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਇਹ ਟੀ-20 ਮੈਚ ਸਾਲ 2014 ‘ਚ ਖੇਡਿਆ ਗਿਆ ਸੀ।