ਜੇਕਰ ਫ਼ਿਲਮਾਂ ਦੀ ਦੁਨੀਆ ਦੀ ਗੱਲ ਕਰੀਏ ਤਾਂ ਪੰਜਾਬੀ ਸਿਨਮੇ ਨੇ ਅੱਜ ਦੇ ਦੌਰ ‘ਚ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਹੈ। ਪਰ ਉੱਥੇ ਹੀ ਹੁਣ ਪੰਜਾਬੀਆਂ ਨੇ ਅੰਗਰੇਜ਼ੀ ਭਾਸ਼ਾ ਦੀਆਂ ਫ਼ਿਲਮਾਂ ‘ਚ ਵੀ ਇੱਕ ਵੱਡਾ ਮੁਕਾਮ ਹਾਸਿਲ ਕਰ ਲਿਆ ਹੈ। ਦਰਅਸਲ ਪਿਛਲੇ ਦਿਨੀ ਸਾਊਥ ਅਮਰੀਕਾ ‘ਚ ਫ਼ਿਲਮਾਂ ਦੇ ਵਕਾਰੀ ਫਾਈਵ ਕੌਂਟੀਨੈਂਟਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਵੈਨਜ਼ੂਏਲਾ ‘ਚ ਨਿਊਜ਼ੀਲੈਂਡ ਦੇ ਪੰਜਾਬੀ ਮੂਲ ਦੇ ਫਿਲਮ ਮੇਕਰ ਮੁਖਤਿਆਰ ਸਿੰਘ ਨੇ ਇੱਕ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ। ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ‘ਚ ਬਣਾਈ ਫਿਲਮ ”ਫਰੋਗੀ ਵੁਸ” ਨੇ ਦੁਨੀਆਂ ਭਰ ‘ਚ ਆਰਟ ਅਤੇ ਕਲਾ ਦੇ ਖੇਤਰ ਵਿੱਚ ਬਣਨ ਵਾਲੀਆਂ ਫ਼ਿਲਮਾਂ ਦੇ ਵਿੱਚ ਵੱਡੀ ਮੱਲ ਮਾਰਦਿਆਂ ਅੰਤਰਾਸ਼ਟਰੀ ਫਿਲਮ ਫੈਸਟੀਵਲ ‘ਚ 6 ਅਵਾਰਡ ਆਪਣੇ ਨਾਮ ਕੀਤੇ ਹਨ। ਇਸ ਫਿਲਮ ਫੈਸਟੀਵਲ ਵਿੱਚ ਦੁਨੀਆਂ ਭਰ ਦੀਆਂ ਸ਼ਾਰਟ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ, ਜਿਸ ਮਗਰੋਂ ਮਾਹਿਰਾਂ ਦੀ ਟੀਮ ਫਾਈਨਲ ਲਈ ਹਰ ਕੈਟਾਗਰੀ ‘ਚ ਪੰਜ ਪੰਜ ਫ਼ਿਲਮਾਂ ਨੂੰ ਸਲੈਕਟ ਕਰਦੀ ਹੈ।
ਸਿਲੈਕਸ਼ਨ ਮਗਰੋਂ ਫਿਰ ਇੰਨ੍ਹਾਂ ਫ਼ਿਲਮਾਂ ਨੂੰ ਅਵਾਰਡ ਦਿੱਤੇ ਜਾਂਦੇ ਹਨ, ਇਸੇ ਦੌਰਾਨ “froggie whoosh movie” ਨੇ 6 ਅਵਾਰਡ ਆਪਣੇ ਨਾਮ ਕੀਤੇ ਹਨ, ਫਿਲਮ ਨੇ ਬੈਸਟ ਸ਼ੋਰਟ ਥ੍ਰਿਲਰ ਫਿਲਮ,ਸਪੈਸ਼ਲ ਐਕਟਰ ਐਵਾਰਡ, ਸਪੈਸ਼ਲ ਡਾਇਰੈਕਟਰ ਐਵਾਰਡ, ਬੈਸਟ ਐਡੀਟਿੰਗ ਐਵਾਰਡ , ਬੈਸਟ ਸਿਨੇਮੈਟੋਫਰਾਗਫੀ ਅਤੇ ਬੈਸਟ ਸਾਊਂਡ ਡਿਜ਼ਾਈਨ ਦੇ ਖੇਤਰ ‘ਚ ਅਵਾਰਡ ਜਿੱਤੇ ਹਨ। ਖਾਸ ਗੱਲ ਇਹ ਹੈ ਕਿ ਇਸ ਫਿਲਮ ‘ਚ ਐਕਟਰ ਦਾ ਕਿਰਦਾਰ ਵੀ ਖੁਦ ਮੁਖਤਿਆਰ ਸਿੰਘ ਨੇ ਨਿਭਾਇਆ ਹੈ। ਮੁਖਤਿਆਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਵੱਡੀ ਮੱਲ ਮਗਰੋਂ ਪੂਰੇ ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।
ਇਸ ਫਿਲਮ ‘ਚ ਬੜੇ ਹੀ ਸੁਚੱਜੇ ਢੰਗ ਨਾਲ ਮਨੋਵਿਗਿਆਨਕ ਤੌਰ ਤੇ ਪੈਂਦੇ ਪ੍ਰਭਾਵਾਂ ਦੇ ਸਿੱਟੇ ਦਾ ਫਿਲਮਾਂਕਣ ਕੀਤਾ ਗਿਆ ਹੈ। ਉੱਥੇ ਹੀ ਸੰਸਾਰ ਦੇ ਖਪਤਵਾਦੀ ਵਰਤਾਰਿਆਂ ਨੂੰ ਡੱਡੂ ਵਰਗੇ ਜੀਵ ਦੇ ਮਾਧਿਅਮ ਰਾਹੀਂ ਦਿਖਾਉਂਦਿਆਂ ਰੀਅਲ ਇਸਟੇਟ ,ਬੈਂਕਿੰਗ ਸੈਕਟਰ ਉੱਪਰ ਮਨੋਵਿਗਿਆਨਕ ਚੋਟਾ ਲਾਈਆਂ ਹਨ। ਇੱਕ ਖਾਸ ਗੱਲ ਇਹ ਵੀ ਹੈ ਕਿ ਮੁਖਤਿਆਰ ਸਿੰਘ ਇਸ ਅੱਧੇ ਘੰਟੇ ਦੀ ਫਿਲਮ ‘ਚ ਪੰਜਾਬ ਦੇ 84 ਦੇ ਸੰਤਾਪ ਨੂੰ ਵੀ ਦਿਖਾਉਣ ‘ਚ ਸਫਲ ਹੋਏ ਹਨ। ਮੁਖਤਿਆਰ ਸਿੰਘ ਅਨੁਸਾਰ ਜਲਦ ਹੀ ਉਹ ਆਪਣੀਆਂ ਫ਼ਿਲਮਾਂ ਦਾ ਇੱਕ ਵਿਸ਼ੇਸ਼ ਫਿਲਮਾਂਕਣ ਆਕਲੈਂਡ ਵਿਚ ਜਲਦ ਹੀ ਆਯੋਜਿਤ ਵੀ ਕਰਵਾਉਣਗੇ। ਦੱਸ ਦੇਈਏ ਕਿ ਮੁਖਤਿਆਰ ਸਿੰਘ ਇਸ ਤੋਂ ਪਹਿਲਾ ਇੱਕ ਪੰਜਾਬੀ ਅਤੇ ਇੱਕ ਹਿੰਦੀ ਦੇ ਸ਼ਾਰਟ ਫਿਲਮ ਵੀ ਬਣਾ ਚੁੱਕੇ ਹਨ।