ਪੰਜਾਬੀ ਗਾਇਕ, ਅਦਾਕਾਰ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਮੌਤ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਸੁਲਝਿਆ ਨਹੀਂ ਹੈ ਕਿ ਇੰਡਸਟਰੀ ਦੀਆਂ ਹੋਰ ਮਸ਼ਹੂਰ ਹਸਤੀਆਂ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਆ ਰਹੀਆਂ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕੁੱਝ ਹੋਰ ਮਸ਼ਹੂਰ ਹਸਤੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਵਿੱਚ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਦਾ ਨਾਮ ਵੀ ਸ਼ਾਮਿਲ ਹੈ।
ਹੁਣ ਇਸ ਦੌਰਾਨ ਖਬਰ ਆ ਰਹੀ ਹੈ ਕਿ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਸੰਦੀਪ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੰਦੀਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਡਾਇਰੈਕਟਰ ਨੇ ਇਸ ਸਬੰਧੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਸੰਦੀਪ ਸਿੰਘ ਨੂੰ ਧਮਕੀਆਂ ਮਿਲਣ ਦੇ ਮਾਮਲੇ ‘ਚ ਮੁੰਬਈ ਪੁਲਿਸ ਨੇ ਵੀ ਬਿਆਨ ਜਾਰੀ ਕੀਤਾ ਹੈ। ਪੁਲਿਸ ਮੁਤਾਬਿਕ, ‘ਫਿਲਮ ਨਿਰਮਾਤਾ ਸੰਦੀਪ ਸਿੰਘ ਨੂੰ ਫੇਸਬੁੱਕ ਰਾਹੀਂ ਧਮਕੀਆਂ ਮਿਲੀਆਂ ਹਨ। ਸੰਦੀਪ ਨੇ ਮੁੰਬਈ ਦੇ ਸਥਾਨਕ ਪੁਲਿਸ ਸਟੇਸ਼ਨ ‘ਚ ਮਾਮਲਾ ਵੀ ਦਰਜ ਕਰਵਾਇਆ ਹੈ। ਧਮਕੀ ‘ਚ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਜਾਨੋਂ ਮਾਰਨ ਦੀ ਗੱਲ ਕਹੀ ਗਈ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।”