ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਦੂਜਾ ਵਿਆਹ ਵੀਰਵਾਰ ਨੂੰ ਚੰਡੀਗੜ੍ਹ ਦੇ ਸੀਐਮ ਹਾਊਸ ਵਿੱਚ ਸਾਦਗੀ ਨਾਲ ਹੋਇਆ ਹੈ। ਉਨ੍ਹਾਂ ਨੇ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਡਾ: ਗੁਰਪ੍ਰੀਤ ਕੌਰ ਨੂੰ ਆਪਣੀ ਜੀਵਨ ਸਾਥਣ ਬਣਾਇਆ। ਇਸ ਦੌਰਾਨ ਮਾਨ ਦੀ ਮਾਂ ਹਰਪਾਲ ਕੌਰ ਕਾਫੀ ਭਾਵੁਕ ਨਜ਼ਰ ਆਏ। ਪੁੱਤ ਦਾ ਘਰ ਵਸਦਾ ਦੇਖ ਕੇ ਸੰਤੁਸ਼ਟੀ ਅਤੇ ਖੁਸ਼ੀ ਉਨ੍ਹਾਂ ਦੇ ਚਿਹਰੇ ‘ਤੇ ਸਾਫ਼ ਝਲਕ ਰਹੀ ਸੀ। ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੀ ਇਸ ਮੌਕੇ ਪੂਰੀ ਤਰ੍ਹਾਂ ਖੁਸ਼ ਨਜ਼ਰ ਆਏ। ਇਸ ਖੁਸ਼ੀ ਦੇ ਮੌਕੇ ਉਨ੍ਹਾਂ ਨੇ ਗਿੱਧਾ ਵੀ ਪਾਇਆ। ਉੱਥੇ ਹੀ ਮਾਨ ਦੀ ਭੈਣ ਨੂੰ ਦੇਖ ਕੇ ਦੁਲਹਨ ਡਾਕਟਰ ਗੁਰਪ੍ਰੀਤ ਕੌਰ ਵੀ ਆਪਣੇ ਪੈਰ ਥਿਰਕਣ ਤੋਂ ਨਾ ਰੋਕ ਸਕੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਗੁਰਪ੍ਰੀਤ ਕੌਰ ਨੂੰ ਜੱਫੀ ਪਾ ਕੇ ਵਧਾਈ ਦਿੱਤੀ।
ਭਗਵੰਤ ਮਾਨ ਦੀ ਮਾਤਾ ਜੀ 2016 ਵਿੱਚ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ ਤਲਾਕ ਤੋਂ ਬਹੁਤ ਦੁਖੀ ਸਨ। ਉਨ੍ਹਾਂ ਦੇ ਬੇਟੇ ਨੇ ਰਾਜਨੀਤੀ ਵਿੱਚ ਸਫਲਤਾ ਹਾਸਿਲ ਕੀਤੀ ਸੀ ਪਰ ਪਰਿਵਾਰ ਨਾਲ ਨਾ ਹੋਣ ਕਾਰਨ ਉਹ ਨਿਰਾਸ਼ ਰਹਿੰਦੇ ਸੀ। ਇਹੀ ਕਾਰਨ ਹੈ ਕਿ ਵੀਰਵਾਰ ਨੂੰ ਜਦੋਂ ਉਸ ਦੇ ਬੇਟੇ ਦਾ ਵਿਆਹ ਹੋਇਆ ਤਾਂ ਜ਼ਿਆਦਾਤਰ ਉਹ ਹੱਥ ਜੋੜ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨਜ਼ਰ ਆਏ। CM ਭਗਵੰਤ ਮਾਨ ਨੇ ਵਿਆਹ ‘ਚ ਲੜਕੀ ਦੇ ਪਰਿਵਾਰ ਤੋਂ ਕੋਈ ਦਾਜ ਨਹੀਂ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਆਹ ਦੀ ਰਸਮ ਪੂਰੀ ਸਾਦਗੀ ਨਾਲ ਨਿਭਾਈ। ਭਾਵੇਂ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ, ਪਰ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਵਿਆਹ ਸਮਾਗਮ ਚਮਕਦਾਰ ਅਤੇ ਦਿਖਾਵੇ ਤੋਂ ਦੂਰ ਸੀ। ਲੋਕ ਇਸ ਦੀ ਕਾਫੀ ਤਾਰੀਫ ਵੀ ਕਰ ਰਹੇ ਹਨ।