ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਿੱਧੂ ਨੂੰ ਗੋਲੀ ਮਾਰਨ ਵਾਲੇ ਸ਼ੂਟਰ ਅੰਕਿਤ ਸਿਰਸਾ ਨੂੰ ਉਸ ਦੇ ਸਾਥੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਅੰਕਿਤ ਸਿਰਸਾ ਉਹੀ ਸ਼ੂਟਰ ਹੈ ਜਿਸ ਨੇ ਸਿੱਧੂ ਨੂੰ ਸਭ ਤੋਂ ਨੇੜਿਓਂ ਖੜ੍ਹ ਗੋਲੀ ਮਾਰੀ ਸੀ ਅਤੇ ਵਾਰਦਾਤ ਮੌਕੇ ਉਹ ਪ੍ਰਿਅਵਰਤਾ ਫੌਜੀ ਨਾਲ ਇੱਕੋ ਕਾਰ ਵਿੱਚ ਸਵਾਰ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫੌਜੀ ਅਤੇ ਅੰਕਿਤ ਇਕੱਠੇ ਹੀ ਫਰਾਰ ਹੋਏ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ, ਕਿਉਂਕਿ ਸਿੱਧੂ ਮੂਸੇਵਾਲਾ ਕਤਲ ‘ਚ 6 ਸ਼ੂਟਰ ਸਾਹਮਣੇ ਆਏ ਹਨ। ਪੁਲੀਸ ਹੁਣ ਤੱਕ ਇਸ ਕਤਲ ਕਾਂਡ ਵਿੱਚ ਸ਼ਾਮਿਲ ਦਰਜਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ। ਇਸ ਦੇ ਨਾਲ ਹੀ ਗੋਲੀ ਚਲਾਉਣ ਵਾਲੇ ਬਾਕੀ ਸ਼ੂਟਰਾਂ ਦੀ ਵੀ ਭਾਲ ਜਾਰੀ ਹੈ।
ਸੂਤਰਾਂ ਦੀ ਮੰਨੀਏ ਤਾਂ ਸਾਰੇ ਸ਼ੂਟਰ ਲਾਰੇਂਸ ਬਿਸ਼ਨੋਈ ਦੇ ਕਰੀਬੀ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਦਿੱਲੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਪੁਲਿਸ ਛਾਪੇਮਾਰੀ ਜਾਰੀ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਮੂਸੇਵਾਲਾ ਕਤਲ ਕਾਂਡ ਦੇ ਸਬੰਧ ਵਿੱਚ ਹਰਿਆਣਾ ਦੇ ਫਤਿਹਾਬਾਦ ਵਿੱਚ ਛਾਪਾ ਮਾਰਿਆ ਸੀ, ਜਿੱਥੇ ਇੱਕ ਹੋਰ ਸ਼ੱਕੀ ਵਿਅਕਤੀ ਨੂੰ ਫੜਿਆ ਗਿਆ ਸੀ। ਦੱਸ ਦੇਈਏ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਨੇੜੇ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਤਿਹਾੜ ਜੇਲ ‘ਚ ਬੰਦ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਾਫੀ ਕਰੀਬੀ ਹੈ।