ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਦੀ ਬਗਾਵਤ ਕਾਰਨ ਮਹਾਂ ਵਿਕਾਸ ਅਘਾੜੀ ਸਰਕਾਰ (ਐਮਵੀਏ ਸਰਕਾਰ) ਦਾ ਅੰਤ ਹੋ ਗਿਆ ਹੈ। ਊਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਫੜਨਵੀਸ ਦੀ ਅਗਵਾਈ ‘ਚ ਸੂਬੇ ‘ਚ ਮੁੜ ਤੋਂ ਸਰਕਾਰ ਬਣਨ ਦੀ ਸੰਭਾਵਨਾ ਹੈ। ਮਹਾਰਾਸ਼ਟਰ ‘ਚ ਜਲਦ ਹੀ ਭਾਜਪਾ ਦੀ ਸਰਕਾਰ ਬਣ ਸਕਦੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਹੁੰਦਿਆਂ ਊਧਵ ਠਾਕਰੇ ਨੇ ਕਈ ਅਜਿਹੇ ਫੈਸਲੇ ਲਏ ਹਨ, ਜਿਨ੍ਹਾਂ ਲਈ ਉਹ ਜਾਣੇ ਜਾਣਗੇ। ਉਨ੍ਹਾਂ ਨੇ ਜਾਂਦੇ ਹੋਏ ਔਰੰਗਾਬਾਦ ਅਤੇ ਉਸਮਾਨਾਬਾਦ ਦੇ ਨਾਮ ਬਦਲ ਦਿੱਤੇ ਹਨ।
ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਪਹਿਲਾਂ, ਊਧਵ ਠਾਕਰੇ ਦੀ ਪ੍ਰਧਾਨਗੀ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਨੇ ਆਗਾਮੀ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਕਿਸਾਨ ਆਗੂ ਮਰਹੂਮ ਡੀਬੀ ਪਾਟਿਲ ਦੇ ਨਾਂ ‘ਤੇ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਗੁਹਾਟੀ ‘ਚ ਕਰੀਬ ਇੱਕ ਹਫਤੇ ਤੋਂ ਡੇਰਾ ਜਮਾਈ ਬੈਠੇ ਬਾਗੀ ਵਿਧਾਇਕ ਬੁੱਧਵਾਰ ਸ਼ਾਮ ਨੂੰ ਉੱਥੋਂ ਇਕ ਵਿਸ਼ੇਸ਼ ਜਹਾਜ਼ ‘ਚ ਰਵਾਨਾ ਹੋ ਕੇ ਗੋਆ ਪਹੁੰਚੇ। ਊਧਵ ਠਾਕਰੇ ਨੇ ਕਿਹਾ, “ਸ਼ਿਵ ਸੈਨਾ ਅਤੇ ਬਾਲਾ ਸਾਹਿਬ ਠਾਕਰੇ ਦੇ ਕਾਰਨ ਸਿਆਸੀ ਤੌਰ ‘ਤੇ ਵਧਣ ਵਾਲੇ ਬਾਗੀਆਂ ਨੂੰ ਉਨ੍ਹਾਂ (ਬਾਲਾ ਸਾਹਿਬ) ਦੇ ਪੁੱਤਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ‘ਤੇ ਖੁਸ਼ ਅਤੇ ਸੰਤੁਸ਼ਟ ਹੋਣ ਦਿਓ। ਮੈਂ ਇਸ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦਾ। ਮੈਨੂੰ ਸ਼ਰਮ ਮਹਿਸੂਸ ਹੋਵੇਗੀ ਜੇਕਰ ਮੈਂ ਦੇਖਾਂਗਾ ਕਿ ਪਾਰਟੀ ਦਾ ਇੱਕ ਵੀ ਸਾਥੀ ਮੇਰੇ ਵਿਰੁੱਧ ਖੜ੍ਹਾ ਹੈ।”