ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ (14 ਜੂਨ) ਵਿਸ਼ਾਖਾਪਟਨਮ ‘ਚ ਖੇਡਿਆ ਜਾਣਾ ਹੈ। ਭਾਰਤੀ ਟੀਮ ਨੂੰ ਪਹਿਲੇ ਦੋ ਮੈਚਾਂ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜੇਕਰ ਭਾਰਤ ਇਹ ਮੈਚ ਹਾਰ ਜਾਂਦਾ ਹੈ ਤਾਂ ਭਾਰਤ ਸੀਰੀਜ਼ ਵੀ ਹਾਰ ਜਾਵੇਗਾ, ਅਜਿਹੇ ‘ਚ ਰਿਸ਼ਭ ਪੰਤ ਦੀ ਅਗਵਾਈ ਵਾਲੀ ਟੀਮ ਤੀਜਾ ਮੈਚ ਜਿੱਤ ਕੇ ਸੀਰੀਜ਼ ‘ਚ ਬਣੇ ਰਹਿਣਾ ਚਾਹੇਗੀ।
ਟੀਮ ਇੰਡੀਆ ਤਿੰਨੋਂ ਵਿਭਾਗਾਂ ਵਿੱਚ ਸੰਘਰਸ਼ ਕਰ ਰਹੀ ਹੈ ਅਤੇ ਤੀਜੇ ਮੈਚ ਵਿੱਚ ਉਸ ਨੂੰ ਇਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨਾ ਪਏਗਾ। ਪਹਿਲੇ ਮੈਚ ‘ਚ ਭਾਰਤੀ ਟੀਮ ਖਰਾਬ ਗੇਂਦਬਾਜ਼ੀ ਕਾਰਨ ਹਾਰ ਗਈ ਸੀ, ਫਿਰ ਦੂਜੇ ਮੈਚ ‘ਚ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਭਾਰਤੀ ਸਲਾਮੀ ਬੱਲੇਬਾਜ਼ ਅਜੇ ਤੱਕ ਪਾਵਰਪਲੇ ‘ਚ ਚੰਗੀ ਸ਼ੁਰੂਆਤ ਦੇਣ ‘ਚ ਨਾਕਾਮ ਰਹੇ ਹਨ। ਈਸ਼ਾਨ ਕਿਸ਼ਨ ਨੇ ਹੁਣ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਰਿਤੁਰਾਜ ਗਾਇਕਵਾੜ ਸਿਰਫ਼ 24 ਦੌੜਾਂ ਹੀ ਬਣਾ ਸਕੇ ਹਨ। ਸ਼੍ਰੇਅਸ ਅਈਅਰ ਨੇ ਚੰਗੀ ਸ਼ੁਰੂਆਤ ਕੀਤੀ ਹੈ ਪਰ ਉਸ ਨੂੰ ਅਹਿਮ ਮੋੜਾਂ ‘ਤੇ ਵਿਕਟਾਂ ਗੁਆਉਂਦੇ ਦੇਖਿਆ ਗਿਆ, ਜਿਸ ਨਾਲ ਬੱਲੇਬਾਜ਼ਾਂ ‘ਤੇ ਦਬਾਅ ਬਣਿਆ। ਹਾਰਦਿਕ ਪਾਂਡਿਆ ਨੇ ਪਹਿਲੇ ਮੈਚ ‘ਚ ਕੁਝ ਸ਼ਾਨਦਾਰ ਸ਼ਾਟ ਲਗਾਏ ਸਨ ਪਰ ਉਹ ਕਟਕ ਦੀ ਵਿਕਟ ‘ਤੇ ਵੀ ਨਹੀਂ ਚੱਲ ਸਕੇ। ਗੇਂਦਬਾਜ਼ੀ ‘ਚ ਹਾਰਦਿਕ ਪਾਂਡਿਆ ਕਾਫੀ ਮਹਿੰਗਾ ਸਾਬਿਤ ਹੋ ਰਿਹਾ ਹੈ।
ਭੁਵਨੇਸ਼ਵਰ ਕੁਮਾਰ ਨੂੰ ਛੱਡ ਕੇ ਭਾਰਤੀ ਗੇਂਦਬਾਜ਼ ਵਿਕਟਾਂ ਲੈਣ ‘ਚ ਜ਼ਿਆਦਾ ਸਫਲ ਨਹੀਂ ਰਹੇ। ਅਜਿਹੇ ‘ਚ ਅਵੇਸ਼ ਖਾਨ ਦੀ ਜਗ੍ਹਾ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਜਾਂ ਅਰਸ਼ਦੀਪ ਸਿੰਘ ਨੂੰ ਅੰਤਰਰਾਸ਼ਟਰੀ ਡੈਬਿਊ ਦਾ ਮੌਕਾ ਮਿਲ ਸਕਦਾ ਹੈ, ਜਿਨ੍ਹਾਂ ਨੇ ਹੁਣ ਤੱਕ ਇੱਕ ਵੀ ਵਿਕਟ ਨਹੀਂ ਲਈ ਹੈ। ਸਪਿਨ ਗੇਂਦਬਾਜ਼ੀ ਵਿੱਚ ਯੁਜਵੇਂਦਰ ਚਾਹਲ ਅਤੇ ਅਕਸ਼ਰ ਦੀ ਸਪਿਨ ਜੋੜੀ ਨੇ ਹੁਣ ਤੱਕ ਨਿਰਾਸ਼ ਕੀਤਾ ਹੈ। ਅਜਿਹੇ ‘ਚ ਟੀਮ ਪ੍ਰਬੰਧਨ ਇਨ੍ਹਾਂ ਦੋਵਾਂ ‘ਚੋਂ ਕਿਸੇ ਇਕ ਖਿਡਾਰੀ ਨੂੰ ਬਾਹਰ ਕਰ ਕੇ ਤੀਜੇ ਮੈਚ ‘ਚ ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਸ਼ਾਮਿਲ ਕਰ ਸਕਦਾ ਹੈ।