ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦਾ ਇੱਕ ਹੋਰ ਮੰਤਰੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਮਾਨ ਸਰਕਾਰ ਸਾਬਕਾ ਕਾਂਗਰਸੀ ਮੰਤਰੀਆਂ ਵੱਲੋਂ ਕੀਤੇ ਗਏ ਘਪਲਿਆਂ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਹੈ। ਸਾਧੂ ਸਿੰਘ ਧਰਮਸੌਤ, ਸੰਗਤ ਸਿੰਘ ਗਿਲਜੀਆਂ ਤੋਂ ਬਾਅਦ ਹੁਣ ਤ੍ਰਿਪਤ ਬਾਜਵਾ ਵੀ ਜਾੰਚ ਦੇ ਘੇਰੇ ਵਿੱਚ ਆ ਗਏ ਹਨ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਬਕਾ ਕਾਂਗਰਸੀ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ‘ਤੇ 28 ਕਰੋੜ ਦੇ ਘਪਲੇ ਦੇ ਦੋਸ਼ ਲਗਾਏ ਹਨ। ਧਾਲੀਵਾਲ ਨੇ ਜੀਟੀ ਰੋਡ ‘ਤੇ ਵੇਚੀ ਗਈ ਪੰਚਾਇਤੀ ਜ਼ਮੀਨ ਦੇ ਮਾਮਲੇ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਇਹ ਉਹੀ ਜ਼ਮੀਨ ਹੈ ਜਿਸ ਨੂੰ ਲੈ ਕੇ ਬੀਤੇ ਹਫਤੇ ਮੰਤਰੀ ਧਾਲੀਵਾਲ ‘ਤੇ ਹੀ ਦੋਸ਼ ਲਾਏ ਜਾ ਰਹੇ ਸਨ।
ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਜੀਟੀ ਰੋਡ ‘ਤੇ ਇੱਕ ਮਹਿੰਗੀ ਜਗ੍ਹਾ ‘ਤੇ ਕਾਲੋਨੀ ਕੱਟੀ ਜਾ ਰਹੀ ਹੈ। ਬੀਤੇ ਮਹੀਨੇ ਉਨ੍ਹਾਂ ‘ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਪੰਚਾਇਤੀ ਜ਼ਮੀਨ ਨੂੰ ਵੇਚਿਆ ਹੈ ਜਦੋਂ ਉਸ ਦੀ ਜਾਂਚ ਸ਼ੁਰੂ ਕਰਵਾਈ ਗਈ ਤਾਂ ਸਪੱਸ਼ਟ ਹੋਇਆ ਕਿ ਇਸ ਜ਼ਮੀਨ ਦੀ ਫਾਈਲ ‘ਤੇ ਸਾਬਕਾ ਕਾਂਗਰਸੀ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਾਈਨ ਕੀਤੇ ਸਨ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰ ਮਿਲਣੀ ਦੌਰਾਨ ਸਾਬਕਾ ਪੰਚਾਇਤ ਮੰਤਰੀ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੇ ਇਕ ਪਿੰਡ ਨਾਲ ਸਬੰਧਤ ਸਰਕਾਰੀ ਜ਼ਮੀਨ ਨੂੰ ਜਿੱਥੇ ਨਿਯਮਾਂ ਦੇ ਉਲਟ ਜਾ ਕੇ ਸਸਤੇ ਭਾਅ ‘ਤੇ ਵੇਚਿਆ ਗਿਆ ਹੈ ਅਤੇ ਇਹ ਸਭ ਕੁਝ ਉਸ ਵੇਲੇ ਕੀਤਾ ਗਿਆ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਨਤੀਜਾ 10 ਮਾਰਚ ਨੂੰ ਆਉਂਦਾ ਹੈ ਅਤੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੁੰਦੀ ਹੈ, ਦੂਜੇ ਪਾਸੇ 11 ਮਾਰਚ ਨੂੰ ਚੋਣ ਜਾਬਤੇ ਦੌਰਾਨ ਸਾਬਕਾ ਪੰਚਾਇਤ ਮੰਤਰੀ ਵਲੋਂ ਦਸਤਖ਼ਤ ਕਰਕੇ ਸਰਕਾਰੀ ਜ਼ਮੀਨ ਵੇਚ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾ ਰਹੇ ਹਨ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।