ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਤੇ ਅੱਜ ਸਿੱਧੂ ਦੇ ਪਿਤਾ ਨੇ ਆਪਣੇ ਅੰਦਰ ਭਰਿਆ ਸਾਰਾ ਦਰਦ ਉਥੇ ਪਹੁੰਚੇ ਲੋਕਾਂ ਨਾਲ ਸਾਝਾ ਕੀਤਾ। ਉਨ੍ਹਾਂ ਕਿਹਾ ਕਿ ਇਹ ਘਾਟਾ ਸਿਰਫ ਮੇਰਾ ਪਰਿਵਾਰ ਹੀ ਸਮਝ ਸਕਦਾ ਹੈ ਕਿ ਅਸੀਂ ਕਿੱਥੋਂ ਕਿੱਥੇ ਪਹੁੰਚ ਚੁੱਕੇ ਹਾਂ। ਪਰ ਕਿਸੇ ਵੀ ਹਾਲ ਵਿੱਚ ਜ਼ਿੰਦਗੀ ਨੂੰ ਚੱਲਦਾ ਰਖਾਂਗੇ। ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਪਿਤਾ ਬਲਕੌਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ‘ਮੈਨੂੰ ਹਾਲੇ ਤੱਕ ਨਹੀਂ ਪਤਾ ਮੇਰੇ ਬੱਚੇ ਦਾ ਕਸੂਰ ਕੀ ਸੀ। ਜੇ ਕਿਸੇ ਬੱਚੇ ਵਿੱਚ ਗਲਤੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਲੋਕੀ ਪਿਉ ਨੂੰ ਲਾਂਭਾ ਦਿੰਦੇ ਹਨ ਪਰ ਮੈਂ ਅੱਜ ਗੁਰੂ ਗੰਥ ਸਾਹਿਬ ਦੀ ਹਾਜ਼ਰੀ ਵਿੱਚ ਕਹਿੰਦਾ ਹਾਂ ਕਿ ਮੈਨੂੰ ਕਿਸੇ ਨੇ ਵੀ ਬੇਟੇ ਦੀ ਸ਼ਿਕਾਇਤ ਨਹੀਂ ਕੀਤੀ।’
ਉਨ੍ਹਾਂ ਨੇ ਕਿਹਾ ਕਿ ‘ਮੇਰਾ ਬੇਟਾ ਮੇਰੇ ਗੱਲ ਲੱਗ ਕੇ ਹਮੇਸ਼ਾਂ ਕਹਿੰਦਾ ਹੁੰਦਾ ਸੀ ਕਿ ਪਿਤਾਂ ਜੀ ਮੈਨੂੰ ਦੱਸੋ ਹਰ ਗੱਲ਼ ਮੇਰੇ ਨਾਲ ਕਿਉਂ ਜੁੜ ਜਾਂਦੀ ਹੈ। ਮੈਂ ਕਿਸੇ ਦਾ ਕੀ ਮਾੜਾ ਕੀਤਾ ਹੈ। ਸਿੱਧੂ ਨੇ ਮਾਤਾ ਤੇ ਪਿਤਾ ਦੇ ਸਿਰ ਦੇ ਹੱਥ ਰੱਖ ਕੇ ਵੀ ਵਿਸ਼ਵਾਸ਼ ਦਿਵਾਇਆ ਕਿ ਉਹ ਕਿਸੇ ਵੀ ਚੀਜ ਵਿੱਚ ਸ਼ਾਮਲ ਨਹੀਂ ਹੈ। ਇਸ ਉੱਤੇ ਸਿੱਧੂ ਦੇ ਪਿਤਾ ਨੇ ਕਿਹਾ ਕਿ ਮੈ ਕਿਹਾ ਸੀ ਫਿਰ ਤੈਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਆਪਣਾ ਪ੍ਰਮਾਤਮਾ ਤੇ ਵਿਸ਼ਵਾਸ਼ ਹੈ। ਕਿਉਂਕਿ ਜੇ ਕੋਈ ਗਲਤ ਹੋਵੇ ਤਾਂ ਸ਼ੈਤਾਨ ਬੰਦਾ ਆਪਣੀ ਅਨੇਕਾ ਪ੍ਰਕਾਰ ਦੀ ਸੁਰੱਖਿਆ ਕਰਦਾ ਹੈ। ਜੇ ਸਿੱਧੂ ਗਲਤ ਹੁੰਦਾ ਤਾਂ ਉਹ ਬਿਨਾਂ ਸੁਰੱਖਿਆ ਤੋਂ ਇਕੱਲਾ ਨਾ ਘੁੰਮਦਾ। ਉਹ ਇਕੱਲਾ ਗੱਡੀ ਲੈ ਕੇ ਨਾ ਆਉਂਦਾ, ਉਹ ਨਾਲ ਗੰਨਮੈਨ ਵੀ ਰੱਖਦਾ। ਚਾਹੇ ਇਸਦੇ ਲਈ ਪ੍ਰਾਈਵੇਟ ਗੰਨਮੈਨ ਰੱਖਣੇ ਪੈਂਦੇ, ਪਰ ਅਸਲ ਗੱਲ਼ ਤਾਂ ਇਹ ਹੈ ਕਿ ਸਾਨੂੰ ਕਦੇ ਖ਼ਤਰਾ ਮਹਿਸੂਸ ਹੋਇਆ ਹੀ ਨਹੀਂ। ਪਿਤਾ ਨੇ ਕਿਹਾ ਲੋਕਾਂ ਨੂੰ ਕਿਹਾ ਕਿ ਪੰਜਾਬ ਦੇ ਇਸ ਮਾਹੌਲ ਨੂੰ ਬਚਾ ਲਵੋ, ਅੱਜ ਮੇਰੇ ਨਾਲ ਹੋਈ ਹੈ ਅਤੇ ਕੱਲ੍ਹ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ।’
ਸਿੱਧੂ ਦੇ ਪਿਤਾ ਨੇ ਕਿਹਾ ਕਿ ਉਹ ਹਮੇਸ਼ਾ ਬਾਹਰ ਜਾਣ ਦੀ ਇਜਾਜ਼ਤ ਲੈ ਕੇ ਜਾਂਦਾ ਸੀ, ਸਾਡੇ ਪੈਰੀਂ ਹੱਥ ਲਾ ਕੇ ਜਾਂਦਾ ਸੀ। ਪਰ 29 ਤਰੀਕ ਨੂੰ ਉਸ ਦੀ ਮਾਂ ਕਿਤੇ ਮਰਗ ‘ਤੇ ਗਈ ਹੋਈ ਸੀ, ਮੈਂ ਖੇਤਾਂ ਤੋਂ ਆਇਆ ਸੀ ਮੈਂ ਕਿਹਾ ਮੈਂ ਨਾਲ ਚੱਲਦਾ ਹਾਂ। ਉਸ ਨੇ ਕਿਹਾ ਕਿ ਤੁਹਾਡੇ ਕੱਪੜੇ ਗੰਦੇ ਨੇ, ਮੈਂ ਜੂਸ ਪੀ ਕੇ ਪੰਜ ਮਿੰਟ ਵਿੱਚ ਵਾਪਿਸ ਆਉਂਦਾ ਹਾਂ। ਮੈਂ ਸਾਰੀ ਉਮਰ ਸਿੱਧੂ ਦੇ ਨਾਲ ਰਿਹਾ ਪਰ ਅਖੀਰ ਮੈਂ ਪਿੱਛੇ ਰਹਿ ਗਿਆ। ਹੁਣ ਸਿਵਾਏ ਪਛਤਾਵੇ ਦੇ ਕੁਝ ਵੀ ਹੱਥ ਨਹੀਂ ਹੈ। ਸਿੱਧੂ ਦੇ ਪਿਤਾ ਨੇ ਦੱਸਿਆ ਕਿ ਸ਼ੁਭਦੀਪ ਇੱਕ ਸਾਧਾਰਨ ਲੜਕਾ ਸੀ। ਉਸ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਦੇ ਬਾਵਜੂਦ ਉਸ ਨੇ ਸਾਨੂੰ ਕਦੇ ਤੰਗ ਨਹੀਂ ਕੀਤਾ।ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਉਹ ਹਰ ਰੋਜ਼ ਕਰੀਬ 24 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਕੂਲ ਜਾਂਦਾ ਸੀ। ਲੁਧਿਆਣੇ ਵਿੱਚ ਇੰਜੀਨੀਅਰਿੰਗ ਕਾਲਜ ਦੀ ਪੜ੍ਹਾਈ ਦੌਰਾਨ ਵੀ ਉਹ ਗੀਤ ਲਿਖ ਕੇ ਆਪਣਾ ਖਰਚਾ ਆਪ ਹੀ ਚੁੱਕਦਾ ਸੀ।