4 ਜੁਲਾਈ ਨੂੰ ਫਿਲੀਪੀਨਜ ਵਿੱਚ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਦੱਖਣੀ ਫਿਲੀਪੀਨਜ਼ ਵਿੱਚ ਲੈਂਡਿੰਗ ਕਰਨ ਵੇਲੇ ਇੱਕ ਫੌਜੀ ਜਹਾਜ਼ ਕਰੈਸ਼ ਹੋ ਗਿਆ ਸੀ। ਹਾਦਸੇ ਦੌਰਾਨ ਇਸ ਜਹਾਜ਼ ਵਿੱਚ 96 ਲੋਕ ਸਵਾਰ ਸਨ। ਜਦਕਿ ਸੜ ਰਹੇ ਜਹਾਜ਼ ਦੇ ਮਲਬੇ ਤੋਂ 40 ਲੋਕਾਂ ਨੂੰ ਬਚਾਅ ਲਿਆ ਗਿਆ ਸੀ। ਪਰ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਹਾਦਸੇ ਦੌਰਾਨ ਆਪਣੀ ਜਾਨ ਗਵਾਉਣ ਵਾਲਿਆ ਦੀ ਗਿਣਤੀ 50 ਹੋ ਗਈ ਹੈ । ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਦੇਸ਼ ਦੀ ਹਵਾਈ ਫੌਜ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਹਾਦਸਾ ਹੈ । ਉਨ੍ਹਾਂ ਦੱਸਿਆ ਕਿ ਲੌਕਹੀਡ ਸੀ-130 ਜਹਾਜ਼ ‘ਤੇ 96 ਮਿਲਟਰੀ ਕਰਮੀ ਸਵਾਰ ਸਨ ।
ਦੱਸ ਦੇਈਏ ਕਿ ਸੁਲੁ ਸੂਬੇ ਦੇ ਜੋਲੋ ਹਵਾਈ ਅੱਡੇ ‘ਤੇ ਐਤਵਾਰ ਨੂੰ ਉਤਰਦੇ ਸਮੇਂ ਰਨਵੇ ਦੇ ਬਾਹਰ ਨਾਰੀਅਲ ਦੇ ਖੇਤ ਵਿੱਚ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ । ਜਹਾਜ਼ ਦੇ ਹਾਦਸਾਗ੍ਰਸਤ ਹੋਣ ਅਤੇ ਉਸ ਵਿੱਚ ਅੱਗ ਲੱਗਣ ਤੋਂ ਪਹਿਲਾਂ ਕੁੱਝ ਫੌਜੀਆਂ ਨੂੰ ਜਹਾਜ਼ ਵਿੱਚੋਂ ਛਾਲ ਮਾਰਦੇ ਦੇਖਿਆ ਗਿਆ । ਹਾਦਸੇ ਤੋਂ ਬਾਅਦ ਫੌਜ ਦੇ ਜਵਾਨਾਂ, ਪੁਲਿਸ ਕਰਮੀਆਂ ਨੇ 49 ਮਿਲਟਰੀ ਕਰਮੀਆਂ ਨੂੰ ਬਚਾ ਲਿਆ ਸੀ। ਹਾਦਸੇ ਦੇ ਸਮੇਂ ਜ਼ਮੀਨ ‘ਤੇ ਡਿੱਗਦੇ ਸਮੇਂ ਜਹਾਜ਼ ਦੀ ਚਪੇਟ ਵਿੱਚ 7 ਲੋਕ ਆਏ ਸਨ, ਜਿਨ੍ਹਾਂ ‘ਚੋਂ 3 ਦੀ ਮੌਤ ਹੋ ਗਈ ਹੈ। ਹਾਦਸੇ ਦਾ ਸ਼ਿਕਾਰ ਹੋਇਆ ਲੌਕਹੀਡ ਸੀ-130 ਹਰਕਿਊਲਿਸ ਫਿਲੀਪੀਨਜ਼ ਨੂੰ ਮਿਲਟਰੀ ਮਦਦ ਦੇ ਰੂਪ ਵਿੱਚ ਇਸ ਸਾਲ ਸੌਂਪੇ ਗਏ ਅਮਰੀਕੀ ਹਵਾਈ ਫੌਜ ਦੇ ਦੋ ਜਹਾਜ਼ਾਂ ਵਿੱਚੋਂ ਇੱਕ ਸੀ।
ਦੱਸ ਦੇਈਏ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਬਾਰੇ ਪਤਾ ਨਹੀਂ ਚੱਲ ਪਾਇਆ ਹੈ ਅਤੇ ਇਸ ਦੇ ਬਲੈਕ ਬਕਸੇ ਦੀ ਤਲਾਸ਼ ਕੀਤੀ ਜਾ ਰਹੀ ਹੈ । ਖੇਤਰੀ ਮਿਲਟਰ ਕਮਾਂਡਰ ਲੈਫਟੀਨੈਂਟ ਜਨਰਲ ਕੋਲੇਟੋ ਵਿਨਲੁਆਨ ਨੇ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਜਹਾਜ਼ ‘ਤੇ ਦੁਸ਼ਮਣਾਂ ਨੇ ਹਮਲਾ ਕੀਤਾ ਹੋਵੇ ।