ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਅਤੇ ਮਾਲੀਏ ‘ਚ ਚੋਰੀ ਨੂੰ ਰੋਕਣ ਲਈ ਇੱਕ ਅਹਿਮ ਫੈਸਲਾ ਲੈਂਦਿਆਂ ਕਾਗਜ਼ੀ ਰੂਪ ਵਿੱਚ ਉਪਲਬਧ ਸਟੈਂਪ ਪੇਪਰ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਤੋਂ ਹਰ ਕੀਮਤ ਦਾ ਸਟੈਂਪ ਪੇਪਰ ਈ-ਸਟੈਂਪ ਯਾਨੀ ਕੰਪਿਊਟਰ ਪ੍ਰਿੰਟ-ਆਊਟ ਰਾਹੀਂ ਕਿਸੇ ਵੀ ਸਟੈਂਪ ਵਿਕਰੇਤਾ ਜਾਂ ਪੰਜਾਬ ਸਰਕਾਰ ਦੁਆਰਾ ਅਧਿਕਾਰਤ ਬੈਂਕਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਸਹੂਲਤ ਨੂੰ ਸ਼ੁਰੂ ਕਰਨ ਤੋਂ ਬਾਅਦ ਪੰਜਾਬ ਦੇ ਮਾਲ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਦੱਸਿਆ ਕਿ ਪਹਿਲਾਂ ਇਹ ਸਹੂਲਤ ਸਿਰਫ 20,000/- ਰੁਪਏ ਤੋਂ ਵੱਧ ਦੇ ਸਟੈਂਪ ਪੇਪਰਾਂ ‘ਤੇ ਉਪਲਬਧ ਸੀ। “ਅਸੀਂ ਹੁਣ ਇਸ ਸਹੂਲਤ ਨੂੰ 1 ਰੁਪਏ ਦੇ ਸਟੈਂਪ ਪੇਪਰ ਤੱਕ ਵਧਾ ਦਿੱਤਾ ਹੈ, ਸਾਰੇ ਸਟੈਂਪ ਪੇਪਰ ਹੁਣ ਈ-ਸਟੈਂਪਾਂ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ। ਕਾਗਜ਼ੀ ਟਿਕਟਾਂ ਦੇ ਖਾਤਮੇ ਨਾਲ ਛਪਾਈ ‘ਤੇ ਹੋਣ ਵਾਲੇ 35 ਕਰੋੜ ਰੁਪਏ ਦੀ ਬੱਚਤ ਹੋਵੇਗੀ। ਪੰਜਾਬ ਦੇ ਮਾਲ ਮੰਤਰੀ ਬ੍ਰਹਮਸ਼ੰਕਰ ਜ਼ਿੰਪਾ ਨੇ ਇਸ ਦੀ ਪੁਸ਼ਟੀ ਕੀਤੀ ਹੈ।