ਰਾਜਸਥਾਨ ਰਾਇਲਜ਼ (RR) ਨੇ ਕੁਆਲੀਫਾਇਰ-2 ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੂੰ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ 2022 (IPL 2022) ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਹੁਣ 29 ਮਈ ਨੂੰ ਰਾਜਸਥਾਨ ਰਾਇਲਜ਼ ਅਤੇ ਗੁਜਰਾਤ ਟਾਇਟਨਸ (IPL ਫਾਈਨਲ: GT Vs RR) ਵਿਚਾਲੇ ਖਿਤਾਬ ਲਈ ਜੰਗ ਹੋਵੇਗੀ। ਰਾਜਸਥਾਨ ਰਾਇਲਜ਼ ਦੀ ਟੀਮ 14 ਸਾਲ ਬਾਅਦ ਆਈਪੀਐਲ ਫਾਈਨਲ ਵਿੱਚ ਪਹੁੰਚੀ ਹੈ। ਕੁਆਲੀਫਾਇਰ-2 ਦੀ ਹਾਰ ਦੇ ਨਾਲ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਸਫਰ ਇੱਥੇ ਹੀ ਖਤਮ ਹੋ ਗਿਆ ਅਤੇ ਟੀਮ ਦਾ ਸੁਪਨਾ ਫਿਰ ਟੁੱਟ ਗਿਆ। ਰਾਜਸਥਾਨ ਰਾਇਲਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾਇਆ ਹੈ।
ਕੁਆਲੀਫਾਇਰ-2 ‘ਚ ਬੇਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 157 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਰਾਜਸਥਾਨ ਨੇ 19ਵੇਂ ਓਵਰ ‘ਚ ਸਿਰਫ 3 ਵਿਕਟਾਂ ਗੁਆ ਕੇ ਇਹ ਟੀਚਾ ਹਾਸਿਲ ਕਰ ਲਿਆ। ਰਾਜਸਥਾਨ ਰਾਇਲਜ਼ ਨੇ 2008 ‘ਚ ਪਹਿਲਾ ਆਈ.ਪੀ.ਐੱਲ. ਖਿਤਾਬ ਜਿੱਤਿਆ ਸੀ, ਜਿਸ ਤੋਂ ਬਾਅਦ ਟੀਮ ਪਹਿਲੀ ਵਾਰ ਫਾਈਨਲ ‘ਚ ਪਹੁੰਚੀ ਹੈ। ਉਸ ਸਮੇਂ ਰਾਜਸਥਾਨ ਰਾਇਲਜ਼ ਨੇ ਸ਼ੇਨ ਵਾਰਨ ਦੀ ਅਗਵਾਈ ‘ਚ ਖਿਤਾਬ ਜਿੱਤਿਆ। IPL-2022 ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੇਨ ਵਾਰਨ ਦੀ ਮੌਤ ਹੋ ਗਈ ਸੀ, ਰਾਜਸਥਾਨ ਰਾਇਲਜ਼ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਸ਼ੇਨ ਵਾਰਨ ਦੇ ਸਨਮਾਨ ‘ਚ ਖੇਡ ਰਹੀ ਹੈ। ਅਜਿਹੇ ‘ਚ ਹੁਣ ਟੀਮ ਕੋਲ ਸ਼ੇਨ ਵਾਰਨ ਨੂੰ ਸ਼ਰਧਾਂਜਲੀ ਦੇਣ ਦਾ ਸਭ ਤੋਂ ਵਧੀਆ ਮੌਕਾ ਹੈ।
ਜੋਸ ਬਟਲਰ ਇੱਕ ਵਾਰ ਫਿਰ ਰਾਜਸਥਾਨ ਰਾਇਲਜ਼ ਲਈ ਮੈਚ ਵਿਨਰ ਸਾਬਿਤ ਹੋਏ ਹਨ। ਪੂਰੇ ਟੂਰਨਾਮੈਂਟ ਦੌਰਾਨ ਦੌੜਾਂ ਦੀ ਬਾਰਿਸ਼ ਕਰਨ ਵਾਲੇ ਜੋਸ ਬਟਲਰ ਇੱਕ ਵਾਰ ਫਿਰ ਵੱਡੇ ਮੌਕੇ ‘ਤੇ ਆਪਣੀ ਟੀਮ ਲਈ ਸਭ ਤੋਂ ਵੱਡੇ ਸਟਾਰ ਬਣ ਕੇ ਉਭਰੇ। ਜੋਸ ਬਟਲਰ ਨੇ ਕੁਆਲੀਫਾਇਰ-2 ਵਿੱਚ ਸ਼ਾਨਦਾਰ ਸੈਂਕੜਾ ਜੜ ਕੇ ਆਪਣੀ ਟੀਮ ਨੂੰ ਫਾਈਨਲ ਵਿੱਚ ਪਹੁੰਚਾਇਆ। ਜੋਸ ਬਟਲਰ ਨੇ ਇਸ ਪਾਰੀ ‘ਚ 60 ਗੇਂਦਾਂ ਖੇਡੀਆਂ, ਜਿਸ ‘ਚ ਉਸ ਨੇ 106 ਦੌੜਾਂ ਬਣਾਈਆਂ। ਬਟਲਰ ਨੇ ਛੱਕਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਜੋਸ ਬਟਲਰ ਨੇ ਆਪਣੀ ਪਾਰੀ ‘ਚ 10 ਚੌਕੇ ਅਤੇ 6 ਛੱਕੇ ਲਗਾਏ। ਇਸ ਦੌਰਾਨ ਬਟਲਰ ਦਾ ਸਟ੍ਰਾਈਕ ਰੇਟ 176 ਰਿਹਾ। ਇਸ ਪਾਰੀ ਨਾਲ ਜੋਸ ਬਟਲਰ ਨੇ ਇਸ ਸੀਜ਼ਨ ‘ਚ ਆਪਣੀਆਂ 800 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਜੋਸ ਬਟਲਰ ਨੇ ਇਸ ਸੀਜ਼ਨ ‘ਚ 4 ਸੈਂਕੜੇ ਪੂਰੇ ਕਰ ਲਏ ਹਨ, ਉਹ ਆਰੇਂਜ ਕੈਪ ਦੀ ਦੌੜ ‘ਚ ਸਭ ਤੋਂ ਅੱਗੇ ਹਨ ਅਤੇ ਹੁਣ ਟੀਮ ਨੂੰ ਫਾਈਨਲ ‘ਚ ਵੀ ਉਸ ਤੋਂ ਕਾਫੀ ਉਮੀਦਾਂ ਹੋਣਗੀਆਂ।