IPL 2022 ਦਾ 69ਵਾਂ ਮੈਚ ਸ਼ਨੀਵਾਰ ਨੂੰ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਜਾਵੇਗਾ। ਦਿੱਲੀ ਨੂੰ ਪਲੇਆਫ ‘ਚ ਪਹੁੰਚਣ ਲਈ ਇਹ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਪਏਗਾ। ਲਖਨਊ ਸੁਪਰ ਜਾਇੰਟਸ, ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਪਲੇਆਫ ਵਿੱਚ ਪਹੁੰਚ ਗਈਆਂ ਹਨ। ਪਲੇਆਫ ਦੀ ਚੌਥੀ ਟੀਮ ਦਿੱਲੀ ਹੋਵੇਗੀ ਜਾਂ ਬੈਂਗਲੁਰੂ, ਇਸ ਦਾ ਫੈਸਲਾ ਅੱਜ ਹੋਵੇਗਾ। ਬੈਂਗਲੁਰੂ ਦੇ 16 ਅੰਕ ਹਨ ਅਤੇ ਉਹ ਇਸ ਸਮੇਂ ਚੌਥੇ ਸਥਾਨ ‘ਤੇ ਹੈ।
ਇਸ ਤੋਂ ਪਹਿਲਾਂ 27 ਮਾਰਚ ਨੂੰ ਦਿੱਲੀ ਅਤੇ ਮੁੰਬਈ ਵਿਚਾਲੇ ਹੋਏ ਮੈਚ ਵਿੱਚ ਦਿੱਲੀ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਪਰ ਜੇਕਰ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਕਿਤੇ ਨਾ ਕਿਤੇ ਮੁੰਬਈ ਦਿੱਲੀ ‘ਤੇ ਭਾਰੀ ਨਜ਼ਰ ਆਵੇਗੀ। ਮੁੰਬਈ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੁਣ ਤੱਕ ਦਿੱਲੀ ਲਈ ਕਾਫੀ ਖਤਰਨਾਕ ਸਾਬਿਤ ਹੋਏ ਹਨ। ਬੁਮਰਾਹ ਨੇ ਦਿੱਲੀ ਖਿਲਾਫ ਖੇਡੇ ਗਏ 18 ਮੈਚਾਂ ‘ਚ 20 ਵਿਕਟਾਂ ਲਈਆਂ ਹਨ। ਬੁਮਰਾਹ ਰਿਸ਼ਭ ਪੰਤ ਨੂੰ ਵੀ ਆਪਣੇ ਜਾਲ ‘ਚ ਫਸਾਉਣ ‘ਚ ਕਾਮਯਾਬ ਰਹੇ ਹਨ। ਬੁਮਰਾਹ ਨੇ ਆਖਰੀ 42 ਗੇਂਦਾਂ ‘ਚ 6 ਵਾਰ ਪੰਤ ਨੂੰ ਆਊਟ ਕੀਤਾ ਹੈ।