ਪੰਜਾਬ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਜਲਦ ਹੀ ਸੂਬੇ ‘ਚ ਮੁਹੱਲਾ ਕਲੀਨਕ ਸ਼ੁਰੂ ਕਰਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ 15 ਅਗਸਤ ਨੂੰ ਮੁਹੱਲਾ ਕਲੀਨਕ ਦੀ ਸ਼ੁਰੂਆਤ ਕਰਨਗੇ। 15 ਅਗਸਤ ਤੋਂ ਪੰਜਾਬ ਵਿੱਚ 75 ਮੁਹੱਲਾ ਕਲੀਨਿਕ ਸ਼ੁਰੂ ਹੋਣਗੇ। 15 ਅਗਸਤ ਨੂੰ ਦੇਸ਼ ਦਾ 75ਵਾਂ ਸੁਤੰਤਰਤਾ ਦਿਵਸ ਹੈ। ਜਿਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਜਿਸ ਵਿੱਚ 75 ਸਥਾਨਾਂ ਨੂੰ ਫਾਈਨਲ ਕੀਤਾ ਗਿਆ ਹੈ। ਹੁਣ ਇੱਥੇ ਕੰਮ ਸ਼ੁਰੂ ਕਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਸੀਐਮ ਮਾਨ ਨੇ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਵਾਅਦਾ ਪੂਰਾ ਕਰਨਗੇ।
ਇਸ ਤੋਂ ਪਹਿਲਾਂ ਮਾਨ ਸਰਕਾਰ ਨੇ 117 ਮੁਹੱਲਾ ਕਲੀਨਿਕ ਬਣਾਉਣ ਦੀ ਤਿਆਰੀ ਕੀਤੀ ਸੀ। ਜਿਸ ਅਨੁਸਾਰ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ ਮੁਹੱਲਾ ਕਲੀਨਿਕ ਸਥਾਪਿਤ ਕੀਤਾ ਜਾਣਾ ਸੀ। ਇਸ ਦੇ ਲਈ ਅਧਿਕਾਰੀਆਂ ਨੂੰ ਵਿਧਾਇਕਾਂ ਨਾਲ ਗੱਲ ਕਰਕੇ ਜਗ੍ਹਾ ਫਾਈਨਲ ਕਰਨ ਲਈ ਕਿਹਾ ਗਿਆ ਹੈ। ਇਸ ਦੀ ਸੂਚੀ ਸਿਹਤ ਵਿਭਾਗ ਨੂੰ ਵੀ ਭੇਜੀ ਗਈ ਸੀ।
ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਵਿੱਚ ਮੁਹੱਲਾ ਕਲੀਨਿਕ ਬਣਾਉਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਦਾ ਨਾਂ ਪਿੰਡ ਅਤੇ ਵਾਰਡ ਕਲੀਨਿਕ ਸਨ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕਿਹਾ ਸੀ ਕਿ ਇਸ ਰਾਹੀਂ ਲੋਕਾਂ ਦਾ ਬਿਹਤਰ ਇਲਾਜ ਕੀਤਾ ਜਾਵੇਗਾ। ਸੀਐਮ ਭਗਵੰਤ ਮਾਨ ਖੁਦ ਦਿੱਲੀ ਪਹੁੰਚ ਕੇ ਮੁਹੱਲਾ ਕਲੀਨਿਕ ਦੇਖ ਕੇ ਵੀ ਆਏ ਸਨ।