ਸ਼ਨੀਵਾਰ ਯਾਨੀ ਕਿ ਅੱਜ ਸ਼ਾਮ 6 ਤੋਂ 7 ਵਜੇ ਤੱਕ ਇੱਕ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ। ਇਹ ਰੋਸ ਪ੍ਰਦਰਸ਼ਨ ਸਾਂਝੇ ਤੋਰ ‘ਤੇ ਗਰੀਨ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਿਕਾਰਡੋ ਮੈਂਡੀਜ਼ ਤੇ ਮਾਈਗ੍ਰੇਂਟ ਵਰਕਰਜ਼ ਵਲੋਂ ਆਕਲੈਂਡ ਦੇ ਓਟੀਆ ਸਕੁਏਅਰ ਵਿੱਚ ਕੀਤਾ ਜਾ ਰਿਹਾ ਹੈ। ਦਰਅਸਲ ਇਹ ਪ੍ਰਦਰਸ਼ਨ ਆਕਲੈਂਡ ਰਹਿੰਦੇ ਸਰੀਰਿਕ ਪੱਖੋਂ ਅਸਮਰਥ ਨਰਿੰਦਰਜੀਤ ਸਿੰਘ ਨੂੰ ਡਿਪੋਰਟ ਕੀਤੇ ਜਾਣ ਦੇ ਨਿਊਜੀਲੈਂਡ ਸਰਕਾਰ ਦੇ ਫੈਸਲੇ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਨਰਿੰਦਰਜੀਤ ਸਿੰਘ ਸੰਨ 2000 ਵਿੱਚ ਨਿਊਜੀਲੈਂਡ ਆਏ ਸੀ ਜਿਸ ਮਗਰੋਂ ਉਨ੍ਹਾਂ ਨੂੰ PR ਮਿਲ ਗਈ ਸੀ।
ਪਰ ਹੁਣ ਉਨ੍ਹਾਂ ਨੂੰ ਡਿਪੋਰਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਦਰਅਸਲ 8 ਸਾਲ ਪਹਿਲਾਂ ਉਨ੍ਹਾਂ ਵਲੋਂ ਆਪਣੇ ਗੁਆਂਢੀ ‘ਤੇ ਕੀਤੇ ਗਏ ਹਮਲੇ ਕਾਰਨ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਮਾਮਲਾ ਇਹ ਹੈ ਕਿ ਉਨ੍ਹਾਂ ਦਾ ਗੁਆਂਢੀ ਸ਼ਰੀਰਿਕ ਅਪੰਗਤਾ ਕਾਰਨ ਨਰਿੰਦਰਜੀਤ ਦਾ ਮਜ਼ਾਕ ਉਡਾਉਂਦਾ ਸੀ ਤੇ ਨਸਲੀ ਟਿੱਪਣੀਆਂ ਕਰਦਾ ਸੀ, ਜਿਸ ਮਗਰੋਂ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਮਗਰੋਂ ਉਨ੍ਹਾਂ ਗੁਆਂਢੀ ਦੀ ਕਾਰ ਠੋਕ ਦਿੱਤੀ ਸੀ ਹਾਲਾਂਕਿ ਇਸ ਦੌਰਾਨ ਕੋਈ ਵੀ ਜਖਮੀ ਨਹੀਂ ਹੋਇਆ ਸੀ ਤੇ ਨਰਿੰਦਰਜੀਤ ਨੇ ਆਪਣੇ ਦੋਸ਼ ਵੀ ਕਬੂਲ ਲਏ ਸਨ। ਪਰ ਹੁਣ ਸਰਕਾਰ ਵੱਲੋਂ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਦਕਿ ਇੰਡੀਆ ‘ਚ ਉਨ੍ਹਾਂ ਨੂੰ ਸਾਂਭਣ ਵਾਲਾ ਕੋਈ ਵੀ ਨਹੀਂ ਹੈ ਅਤੇ ਅਦਰੰਗ ਦਾ ਮਰੀਜ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।