ਬੀਤੀ ਰਾਤ ਮੋਹਾਲੀ ਵਿਖੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ਵਿਚ ਹੋਏ ਧਮਾਕੇ ਦਾ ਤੁਰੰਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਡੀਜੀਪੀ ਨੂੰ ਪੂਰੀ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਮਾਮਲੇ ਦੀ ਤਹਿ ਤੱਕ ਪਹੁੰਚ ਕੀਤੀ ਜਾ ਸਕੇ। ਮੋਹਾਲੀ ਧਮਾਕੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ । ਇਸ ਧਮਾਕੇ ਸਬੰਧੀ ਉਨ੍ਹਾਂ ਨੇ ਮੰਗਲਵਾਰ ਨੂੰ ਡੀਜੀਪੀ ਸਮੇਤ ਸਾਰੇ ਵੱਡੇ ਅਫਸਰਾਂ ਨਾਲ ਮੀਟਿੰਗ ਕੀਤੀ ਹੈ। CM ਭਗਵੰਤ ਮਾਨ ਨੇ ਪੁਲਿਸ ਅਫਸਰਾਂ ਨਾਲ ਮੀਟਿੰਗ ਮਗਰੋਂ ਦਾਅਵਾ ਕਰਦਿਆਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੁਝ ਗ੍ਰਿਫਤਾਰੀਆਂ ਕੀਤੀਆਂ ਹਨ ਤੇ ਕੁਝ ਹੋਰ ਹੋ ਜਾਣਗੀਆਂ । ਉਨ੍ਹਾਂ ਕਿਹਾ ਕਿ ਅੱਜ ਸ਼ਾਮ ਤੱਕ ਸਭ ਕਲੀਅਰ ਹੋ ਜਾਵੇਗਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇਗੀ ਕਿ ਦੋਸ਼ੀਆਂ ਦੀਆਂ ਅਉਣ ਵਾਲੀਆਂ ਪੀੜ੍ਹੀਆਂ ਵੀ ਇਸਨੂੰ ਯਾਦ ਰੱਖਣਗੀਆਂ । ਇਸ ਤੋਂ ਅੱਗੇ CM ਮਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਬਹੁਤ ਕੁਝ ਸਾਫ ਹੋ ਚੁੱਕਿਆ ਹੈ ਤੇ ਸ਼ਾਮ ਤੱਕ ਸਭ ਕਲੀਅਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਡੀਜੀਪੀ ਤੇ ਇੰਟੈਲੀਜੈਂਸ ਨੂੰ ਪੂਰੀ ਡਿਟੇਲ ਇਕੱਠੀ ਕਰਨ ਲਈ ਕਿਹਾ ਹੈ । ਇਸ ਮਾਮਲੇ ਵਿੱਚ ਕੁਝ ਗ੍ਰਿਫਤਾਰੀਆਂ ਹੋ ਗਈਆਂ ਹਨ, ਕੁਝ ਹੋਰ ਹੋਣਗੀਆਂ ।