ਨਿਊਜ਼ੀਲੈਂਡ ਦੇ ਹੈਮਿਲਟਨ ਵਿੱਚ ਭਾਰਤੀ ਮੂਲ ਦੇ ਪੰਜਾਬੀ ਟੈਕਸੀ ਡਰਾਈਵਰ ਉੱਤੇ ਹਮਲਾ ਕੀਤਾ ਗਿਆ ਹੈ। ਮਿਲੀ ਜਾਣਕਰੀ ਦੇ ਅਨੁਸਾਰ ਇਸ ਹਮਲੇ ਨੂੰ ਸ਼ੱਕੀ ਨਸਲੀ ਅਪਰਾਧ ਮੰਨਿਆ ਜਾ ਰਿਹਾ ਹੈ। ਨਸਲੀ ਹਮਲੇ ਦਾ ਹੋਏ ਨੌਜਵਾਨ ਦਾ ਨਾਮ ਸੁਖਜੀਤ ਸਿੰਘ ਰੱਤੂ ਹੈ। ਸੁਖਜੀਤ ਸਿੰਘ ਰੱਤੂ ਇੱਕ ਟੈਕਸੀ ਚਾਲਕ ਹੈ। ਸੁਖਜੀਤ ਸਿੰਘ ‘ਤੇ ਇਹ ਨਸਲੀ ਹਮਲਾ ਬੀਤੇ ਮੰਗਲਵਾਰ ਰਾਤ 8.40 ਵਜੇ ਹੋਇਆ ਹੈ। ਉਸ ਨੇ ਦੱਸਿਆ ਕਿ ਹਮਲੇ ਦੌਰਾਨ ਉਹ ਹੈਮਿਲਟਨ ਏਅਰਪੋਰਟ ਦੇ ਬਾਹਰ ਆਪਣੀ ਟੈਕਸੀ ਵਿੱਚ ਬੈਠਾ ਸੀ ਤਾਂ ਉਸ ਦੌਰਾਨ ਅਚਾਨਕ ਆਏ ਇੱਕ ਵਿਅਕਤੀ ਨੇ ਡਰਾਈਵਰ ਸਾਈਡ ਦੀ ਟਾਕੀ ਖੋਲ੍ਹ ਕੇ ਉਸ ਦੀ ਅੱਖ ‘ਤੇ ਵਾਰ ਕਰ ਦਿੱਤਾ ਤੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਵਾਰ ਇੰਨਾਂ ਖਤਰਨਾਕ ਸੀ ਕਿ ਸੁਖਜੀਤ ਦੀ ਅੱਖ ਵਿੱਚੋਂ ਲਹੂ ਵਗਣ ਲੱਗਾ ਅਤੇ ਸਿਰ ਵਿੱਚ ਵੀ ਕਾਫੀ ਜਿਆਦਾ ਦਰਦ ਹੋਣਾ ਸ਼ੁਰੂ ਹੋ ਗਿਆ। ਸੁਖਜੀਤ ਸਿੰਘ ਨੇ ਦੱਸਿਆ ਕਿ “ਜਦੋਂ ਉਸਨੇ ਦੇਖਿਆ ਕਿ ਮੈਂ ਭਾਰਤੀ ਹਾਂ, ਉਹ ਇੰਨਾ ਗੁੱਸੇ ‘ਚ ਆ ਗਿਆ ਅਤੇ ਉਸਨੇ ਮੇਰੇ ਕਾਰ ਦੀ ਖਿੜਕੀ ‘ਤੇ ਧੱਕਾ ਮਾਰਿਆ ਫਿਰ ਤੁਰੰਤ ਡਰਾਈਵਰ ਸਾਈਡ ਦਾ ਦਰਵਾਜ਼ਾ ਖੋਲ੍ਹਿਆ ਅਤੇ ਇੱਕ ਸ਼ਬਦ ਕਹੇ ਬਿਨਾਂ ਮੇਰੀ ਅੱਖ ‘ਤੇ ਮੁੱਕਾ ਮਾਰਿਆ, ਫਿਰ ਬੋਲਿਆ ‘f**ing Indian’, ਸੁਖਜੀਤ ਨੇ ਕਿਹਾ ਕਿ ਪੰਚ ਬਹੁਤ ਜਬਰਦਸਤ ਸੀ ਇਸ ਲਈ ਮੈਂ ਉਸ ਦੀਆਂ ਸਾਰੀਆਂ ਗੱਲਾਂ ਨਹੀਂ ਸੁਣ ਸਕਿਆ, ਪਰ ਮੈਂ ਉਸਨੂੰ ਉਸ ਨੂੰ ‘f**ing Indian’ ਕਹਿੰਦਿਆਂ ਸੁਣਿਆ।”
ਹਮਲੇ ਦਾ ਅੰਦਾਜਾ ਇਸ ਗੱਲ ਤੋਂ ਵੀ ਲਗਾਇਆ ਜਾਂ ਸਕਦਾ ਹੈ ਕਿ ਟੈਕਸੀ ਚਾਲਕ ਸੁਖਜੀਤ ਸਿੰਘ ਨੂੰ ਆਪਣੇ ਕੰਮ ਤੋਂ ਇੱਕ ਮਹੀਨੇ ਦੀ ਛੁੱਟੀ ਲੈਣੀ ਪਈ ਹੈ, ਕਿਉਂਕਿ ਸੱਟ ਇੰਨੀ ਹੈ ਕਿ ਉਹ ਇੱਕ ਮਹੀਨਾ ਕੰਮ ਨਹੀਂ ਕਰ ਸਕੇਗਾ। ਸੁਖਜੀਤ ਨੇ ਕਿਹਾ ਕਿ ਉਸ ਨੇ ਹਮਲਾਵਰ ਨੂੰ ਰੋਡ ‘ਤੇ ਪਾਸ ਕੀਤਾ ਸੀ ਤੇ ਉਸਨੂੰ ਕੁੱਝ ਵੀ ਕਹੇ ਬਿਨਾਂ ਗੱਡੀ ਪਾਸ ਕਰ ਆਰਾਮ ਨਾਲ ਏਅਰਪੋਰਟ ਆ ਗਿਆ ਸੀ ਤੇ ਉਸਤੋਂ ਬਾਅਦ ਇਹ ਹਾਦਸਾ ਵਾਪਰਿਆ। ਦੂਜਾ ਡਰਾਈਵਰ ਜੋ ਨਜਦੀਕ ਹੀ ਰੱਤੂ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ, ਉਸ ਨੇ ਹਮਲਾਵਰ ਦੀ ਗੱਡੀ ਦੀ ਜਾਣਕਾਰੀ ਨੋਟ ਕਰ ਲਈ ਸੀ ਤੇ ਸੁਖਜੀਤ ਨੇ ਹੁਣ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਇਸ ਸਬੰਧੀ ਛਾਣਬੀਣ ਕਰ ਰਹੀ ਹੈ। ਸੁਖਜੀਤ ਨੇ ਬਾਕੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਬੀਤੇ 2.5 ਸਾਲਾਂ ਤੋਂ ਟੈਕਸੀ ਚਲਾਉਣ ਦਾ ਕੰਮ ਕਰ ਰਿਹਾ ਹੈ, ਪਰ ਇਹ ਹਮਲਾ ਪਹਿਲੀ ਵਾਰ ਹੋਇਆ ਹੈ।