ਨਿਊਜ਼ੀਲੈਂਡ ‘ਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਇਸ ਵਿਚਕਾਰ ਹੁਣ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੋਰ ਪਹਿਲਾ ਸਟੋਰ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਹੇ ਸੀ ਉੱਥੇ ਹੀ ਹੁਣ ਚੋਰਾਂ ਨੇ ਸਪੋਰਟਸ ਕਲੱਬਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਆਕਲੈਂਡ ਵਿੱਚ ਇੱਕ ਰਗਬੀ ਅਤੇ ਸਪੋਰਟਸ ਕਲੱਬ ਨੂੰ ਚੋਰਾਂ ਨੇ ਪੰਜ ਮਹੀਨਿਆਂ ਦੇ ਅੰਦਰ ਦੋ ਵਾਰ ਨਿਸ਼ਾਨਾ ਬਣਾਇਆ ਹੈ। ਜਿੱਥੇ ਚੋਰੀਆਂ ਦੇ ਨਾਲ-ਨਾਲ ਭੰਨਤੋੜ ਵੀ ਕੀਤੀ ਗਈ ਹੈ ਜਿਸ ਕਾਰਨ ਕਲੱਬ ਮੈਂਬਰ ਕਾਫੀ ਪਰੇਸ਼ਾਨ ਹਨ।
Te Papapa Onehunga ਰਗਬੀ ਅਤੇ ਸਪੋਰਟਸ ਕਲੱਬ ਦੀ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਚੋਰ ਗਰਮ ਪਾਣੀ ਦੇ ਪੂਰੇ ਸਿਸਟਮ ਦੇ ਨਾਲ-ਨਾਲ ਮੇਨ ਦੇ ਹੈਂਡਲ ਨੂੰ ਵੀ ਕੱਟ ਕੇ ਚਲੇ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ ਪਲੰਬਿੰਗ ਦਾ ਸਮਾਨ ਚੋਰੀ ਹੋਇਆ ਸੀ। Lynne Wright ਨੇ ਕਿਹਾ ਕਿ ਕਲੱਬ ਹੁਣ ਪਾਣੀ ਤੋਂ ਬਿਨਾਂ ਹੈ ਅਤੇ ਨਤੀਜੇ ਵਜੋਂ ਆਪਣੀਆਂ ਆਉਣ ਵਾਲੀਆਂ ਘਰੇਲੂ ਖੇਡਾਂ ਵਿੱਚੋਂ ਕੋਈ ਵੀ ਆਯੋਜਿਤ ਕਰਨ ਵਿੱਚ ਅਸਮਰੱਥ ਹੈ, ਜੋ ਛੋਟੇ ਕਲੱਬ ਲਈ ਇੱਕ ਝਟਕਾ ਹੈ। ਰਾਈਟ ਨੇ ਕਿਹਾ ਕਿ, “ਅਸੀਂ ਸਿਰਫ਼ ਇੱਕ ਅਜਿਹੀ ਜਗ੍ਹਾ ਚਾਹੁੰਦੇ ਹਾਂ ਜਿੱਥੇ ਅਸੀਂ ਅਸਲ ਵਿੱਚ ਚੰਗੇ ਐਥਲੀਟ ਪੈਦਾ ਕਰ ਸਕੀਏ।”
ਚੋਰੀਆਂ ਨੇ ਕਲੱਬ ਦੇ ਬੈਂਕ ਖਾਤੇ ਨੂੰ ਲਗਭਗ 14,000 ਡਾਲਰ ਦਾ ਨੁਕਸਾਨ ਪਹੁੰਚਾਇਆ ਹੈ। ਗ੍ਰੈਫਿਟੀ ਨੂੰ ਸਾਫ਼ ਕਰਨ ‘ਤੇ ਇਸ ਵਿੱਚ ਹੋਰ ਵੀ ਵਾਧਾ ਹੋਵੇਗਾ। ਰਾਈਟ ਨੇ ਕਿਹਾ ਕਿ ਚੋਰੀਆਂ ਕਲੱਬ ਲਈ ਅਤੇ ਕਮਿਊਨਿਟੀ ਦੇ ਉਨ੍ਹਾਂ ਸਾਰਿਆਂ ਲਈ “ਸੱਚਮੁੱਚ ਨਿਰਾਸ਼ਾਜਨਕ” ਸਨ ਜੋ ਇਸਦੀਆਂ ਸਹੂਲਤਾਂ ਦੀ ਵਰਤੋਂ ਕਰਦੇ ਸਨ। ਉਨ੍ਹਾਂ ਕਿਹਾ ਕਿ ਅਲਾਰਮ, ਤਾਲੇ ਅਤੇ ਸੀਸੀਟੀਵੀ ਚੋਰਾਂ ਨੂੰ ਰੋਕਣ ਲਈ ਕਾਫ਼ੀ ਨਹੀਂ ਸਨ।