ਬਿਹਾਰ ‘ਚ ਪਿਛਲੇ ਕੁੱਝ ਦਿਨਾਂ ‘ਚ ਦੂਜਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਟਰੇਨ ਡਰਾਈਵਰ ਨੇ ਆਪਣਾ ਸ਼ੌਕ ਪੂਰਾ ਕਰਨ ਲਈ ਟਰੇਨ ਰੋਕ ਦਿੱਤੀ। ਉਹ ਕਹਿੰਦੇ ਆ ਨਾ ਕਿ ‘ਸ਼ੌਕ ਬਹੁਤ ਵੱਡੀ ਚੀਜ਼ ਹੈ!’ ਉਹ ਫਿਰ ਚਾਹ ਹੋਵੇ ਜਾਂ ਸ਼ਰਾਬ। ਪਰ ਬਿਹਾਰ ਤੋਂ ਲੰਘਣ ਵਾਲੀਆਂ ਰੇਲ ਗੱਡੀਆਂ ਦੇ ਡਰਾਈਵਰਾਂ ਨੂੰ ਸ਼ਾਇਦ ਜ਼ਿਆਦਾ ਤਲਬ ਲੱਗਦੀ ਹੈ। ਹਾਲ ਹੀ ‘ਚ ਚਾਹ ਪੀਣ ਲਈ ਟਰੇਨ ਨੂੰ ਅੱਧ ਵਿਚਾਲੇ ਹੀ ਰੋਕਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਮਗਰੋਂ ਹੁਣ ਇਕ ਡਰਾਈਵਰ ਨੇ ਸ਼ਰਾਬ ਦੀ ਤਲਬ ਲੱਗਣ ‘ਤੇ ਟਰੇਨ ਦੀ ਬ੍ਰੇਕ ਲਗਾ ਦਿੱਤੀ।
ਦਰਅਸਲ ਬਿਹਾਰ ਦੇ ਸਮਸਤੀਪੁਰ ਰੇਲਵੇ ਡਿਵੀਜ਼ਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਮਸਤੀਪੁਰ ਦੇ ਹਸਨਪੁਰ ਸਟੇਸ਼ਨ ‘ਤੇ ਟਰੇਨ ਰੋਕਣ ਤੋਂ ਬਾਅਦ ਸਹਾਇਕ ਡਰਾਈਵਰ ਸ਼ਰਾਬ ਪੀਣ ਲਈ ਨਿਕਲ ਗਿਆ। ਜਿਸ ਕਾਰਨ ਰੇਲਗੱਡੀ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਸਟੇਸ਼ਨ ‘ਤੇ ਰੁਕੀ ਰਹੀ। ਰੇਲਗੱਡੀ ਇੱਕ ਘੰਟਾ ਰੁਕਣ ਕਾਰਨ ਯਾਤਰੀਆਂ ਨੇ ਸਟੇਸ਼ਨ ‘ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਜੀਆਰਪੀ ਪੁਲਿਸ ਨੇ ਸਹਾਇਕ ਲੋਕੋ ਪਾਇਲਟ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੂਜੇ ਸਹਾਇਕ ਡਰਾਈਵਰ ਨੂੰ ਬੁਲਾਇਆ ਅਤੇ ਟਰੇਨ ਨੂੰ ਰਵਾਨਾ ਕੀਤਾ ਗਿਆ।
ਦਰਅਸਲ, ਸਮਸਤੀਪੁਰ ਤੋਂ ਸਹਰਸਾ ਦੇ ਵਿਚਕਾਰ ਚੱਲਣ ਵਾਲੀ ਪੈਸੰਜਰ ਟਰੇਨ (05278) ਜਦੋਂ ਹਸਨਪੁਰ ਸਟੇਸ਼ਨ ‘ਤੇ ਪਹੁੰਚੀ ਤਾਂ ਰਾਜਧਾਨੀ ਐਕਸਪ੍ਰੈੱਸ ਨਾਲ ਕ੍ਰਾਸ ਹੋਣ ਕਾਰਨ ਟਰੇਨ ਨੂੰ ਕੁਝ ਦੇਰ ਲਈ ਰੋਕ ਦਿੱਤਾ ਗਿਆ। ਇਸ ਦੌਰਾਨ ਟਰੇਨ ਦਾ ਅਸਿਸਟੈਂਟ ਲੋਕੋ ਪਾਇਲਟ (ਏ.ਐੱਲ.ਪੀ.) ਕਰਮਵੀਰ ਯਾਦਵ ਟਰੇਨ ਦੇ ਇੰਜਣ ਤੋਂ ਗਾਇਬ ਹੋ ਗਿਆ। ਰਾਜਧਾਨੀ ਐਕਸਪ੍ਰੈੱਸ ਦੇ ਲੰਘਣ ਤੋਂ ਬਾਅਦ ਜਦੋਂ ਯਾਤਰੀ ਟਰੇਨ ਨੂੰ ਸਿਗਨਲ ਦਿੱਤਾ ਗਿਆ ਤਾਂ ਟਰੇਨ ਕਾਫੀ ਦੇਰ ਤੱਕ ਨਹੀਂ ਚੱਲੀ। ਇਸ ‘ਤੇ ਸਹਾਇਕ ਸਟੇਸ਼ਨ ਮਾਸਟਰ ਨੇ ਵਾਕੀ ਟਾਕੀ ਰਾਹੀਂ ਟਰੇਨ ਨਾ ਛੱਡਣ ਦਾ ਕਾਰਨ ਪੁੱਛਿਆ? ਤਾਂ ਏਐਲਪੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ।
ਇਸ ਤੋਂ ਬਾਅਦ ਸਹਾਇਕ ਲੋਕੋ ਪਾਇਲਟ ਦੀ ਭਾਲ ਸ਼ੁਰੂ ਕੀਤੀ ਗਈ। ਪਰ ਉਹ ਕਾਫੀ ਦੇਰ ਤੱਕ ਨਹੀਂ ਮਿਲਿਆ। ਬਾਅਦ ਵਿੱਚ ਜੀਆਰਪੀ ਪੁਲੀਸ ਨੂੰ ਉਹ ਨਸ਼ੇ ਦੀ ਹਾਲਤ ਵਿੱਚ ਬਜ਼ਾਰ ਚੋ ਮਿਲਿਆ। ਉਹ ਨਸ਼ੇ ‘ਚ ਐਨਾ ਟੱਲੀ ਸੀ ਕਿ ਉਹ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਜੀਆਰਪੀ ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਸ਼ਰਾਬ ਦੀ ਅੱਧੀ ਖਾਲੀ ਬੋਤਲ ਬਰਾਮਦ ਹੋਈ। ਜਿਸ ਮਗਰੋਂ ਪੁਲਸ ਨੇ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ
ਇੱਥੇ ਜਦੋਂ ਟਰੇਨ ਨੂੰ 1 ਘੰਟਾ 7 ਮਿੰਟ ਲਈ ਰੋਕਿਆ ਗਿਆ ਤਾਂ ਗਰਮੀ ਦਾ ਸਾਹਮਣਾ ਕਰ ਰਹੇ ਯਾਤਰੀਆਂ ਨੇ ਵੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ‘ਚ ਸਟੇਸ਼ਨ ਮਾਸਟਰ ਨੇ ਉਸੇ ਟਰੇਨ ‘ਚ ਸਫਰ ਕਰ ਰਹੇ ਸਹਰਸਾ ਦੇ ਸਹਾਇਕ ਲੋਕੋ ਪਾਇਲਟ ਨੂੰ ਡਿਪਟੀ ਡਰਾਈਵਰ ਦਾ ਚਾਰਜ ਦਿੱਤਾ ਅਤੇ 6:47 ਮਿੰਟ ‘ਤੇ ਟਰੇਨ ਨੂੰ ਰਵਾਨਾ ਕੀਤਾ। ਇਸ ਘਟਨਾ ਤੋਂ ਬਾਅਦ ਸਮਸਤੀਪੁਰ ਰੇਲਵੇ ਡਿਵੀਜ਼ਨ ਦੇ ਡੀਆਰਐਮ ਆਲੋਕ ਅਗਰਵਾਲ ਨੇ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਰਿਪੋਰਟ ਦੇ ਆਧਾਰ ‘ਤੇ ਉਕਤ ਅਸਿਸਟੈਂਟ ਲੋਕੋ ਪਾਇਲਟ ਵਿਰੁੱਧ ਵੀ ਸਖ਼ਤ ਕਾਰਵਾਈ ਦੇ ਸੰਕੇਤ ਦਿੱਤੇ ਗਏ ਹਨ।