ਡੇਵਿਡ ਮਿਲਰ ਅਤੇ ਰਾਹੁਲ ਤੇਵਤੀਆ ਦੀ ਹਮਲਾਵਰ ਬੱਲੇਬਾਜ਼ੀ ਦੇ ਦਮ ‘ਤੇ ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਆਰਸੀਬੀ ਵੱਲੋਂ ਦਿੱਤੇ 171 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਗੁਜਰਾਤ ਨੇ 19.3 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ 174 ਦੌੜਾਂ ਬਣਾ ਕੇ ਟੀਚਾ ਹਾਸਿਲ ਕਰ ਲਿਆ। ਰਿਧੀਮਾਨ ਸਾਹਾ ਅਤੇ ਸ਼ੁਭਮਨ ਗਿੱਲ ਨੇ 51 ਦੌੜਾਂ ਦੀ ਸਾਂਝੇਦਾਰੀ ਕਰਕੇ ਗੁਜਰਾਤ ਨੂੰ ਜ਼ਬਰਦਸਤ ਸ਼ੁਰੂਆਤ ਦਿਵਾਈ, ਪਰ ਇਸ ਤੋਂ ਬਾਅਦ ਗੁਜਰਾਤ ਦੀਆਂ 95 ਦੌੜਾਂ ‘ਤੇ 4 ਵਿਕਟਾਂ ਡਿੱਗਣ ਨਾਲ ਪਾਰੀ ਫਿੱਕੀ ਪੈ ਗਈ। ਪਾਰੀ ਨੂੰ ਸੰਭਾਲਦੇ ਹੋਏ ਤੇਵਤੀਆ ਅਤੇ ਮਿਲਰ ਨੇ ਜ਼ੋਰਦਾਰ ਬੱਲੇਬਾਜ਼ੀ ਕੀਤੀ। ਤੇਵਤੀਆ ਨੇ ਨਾਬਾਦ 43 ਅਤੇ ਮਿਲਰ ਨੇ ਨਾਬਾਦ 39 ਦੌੜਾਂ ਬਣਾਈਆਂ।
ਇਸ ਜਿੱਤ ਨਾਲ ਗੁਜਰਾਤ ਨੇ ਨੌਂ ਵਿੱਚੋਂ ਅੱਠ ਮੈਚ ਜਿੱਤ ਕੇ ਪਲੇਆਫ ਲਈ ਲਗਭਗ ਕੁਆਲੀਫਾਈ ਕਰ ਲਿਆ ਹੈ। ਗੁਜਰਾਤ ਦੇ ਨੌਂ ਮੈਚਾਂ ਤੋਂ ਬਾਅਦ 16 ਅੰਕ ਹਨ। ਇਸ ਦੇ ਨਾਲ ਹੀ ਬੈਂਗਲੁਰੂ ਦੀ 10 ਮੈਚਾਂ ‘ਚ ਇਹ ਪੰਜਵੀਂ ਹਾਰ ਹੈ। ਟੀਮ ਫਿਲਹਾਲ ਪੰਜ ਜਿੱਤਾਂ ਅਤੇ 10 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ।