ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਹਰ ਘਰ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿੱਚ ਕੋਈ ਸ਼੍ਰੇਣੀ (Category) ਨਹੀਂ ਹੋਵੇਗੀ। ਗਰੀਬ ਤੋਂ ਲੈ ਕੇ ਅਮੀਰ ਪਰਿਵਾਰਾਂ ਤੱਕ ਸਭ ਨੂੰ 2 ਮਹੀਨਿਆਂ ‘ਚ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਜਿਸ ਪਰਿਵਾਰ ਦੀਆਂ 2 ਮਹੀਨਿਆਂ ਵਿੱਚ 600 ਤੋਂ ਵੱਧ ਯੂਨਿਟਾਂ ਵਰਤੀਆਂ ਜਾਣਗੀਆਂ, ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਪਏਗਾ। ਹਾਲਾਂਕਿ, SC, BC ਅਤੇ ਗਰੀਬੀ ਰੇਖਾ ਤੋਂ ਹੇਠਾਂ ਭਾਵ BPL ਪਰਿਵਾਰ, ਜੋ ਪਹਿਲਾਂ ਹੀ 200 ਯੂਨਿਟ ਛੋਟ ਲੈ ਰਹੇ ਹਨ, ਨੂੰ ਹੁਣ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ ਮਿਲੇਗੀ। ਪਰ ਇੱਥੇ ਖਾਸ ਗੱਲ ਇਹ ਹੈ ਕਿ ਜੇਕਰ ਉਹ 610 ਯੂਨਿਟਾਂ ਵਰਤਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਨਹੀਂ ਦੇਣਾ ਪਵੇਗਾ, ਉਨ੍ਹਾਂ ਨੂੰ ਸਿਰਫ 10 ਯੂਨਿਟਾਂ ਦਾ ਬਿੱਲ ਆਵੇਗਾ।
ਸਰਕਾਰ ਵਪਾਰਕ ਅਤੇ ਉਦਯੋਗਿਕ ਬਿਜਲੀ ਦੇ ਰੇਟ ਵੀ ਨਹੀਂ ਵਧਾਏਗੀ। ਕਿਸਾਨਾਂ ਨੂੰ ਵੀ ਮੁਫਤ ਬਿਜਲੀ ਮਿਲਦੀ ਰਹੇਗੀ। ਇਸ ਤੋਂ ਇਲਾਵਾ, ਸਰਕਾਰ ਨੇ 31 ਦਸੰਬਰ, 2021 ਤੱਕ 2 ਕਿਲੋਵਾਟ ਤੱਕ ਦੇ ਸਾਰੇ ਘਰਾਂ ਦੇ ਸਾਰੇ ਬਕਾਏ ਮੁਆਫ ਕਰ ਦਿੱਤੇ ਹਨ। ਮੁੱਖ ਮੰਤਰੀ ਮਾਨ ਨੇ ਇਹ ਐਲਾਨ ਬਿਜਲੀ ਨਿਗਮ ਵਿੱਚ ਭਰਤੀ 718 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਕੋਲ ਪੈਸੇ ਨਹੀਂ, ਇਰਾਦੇ ਦੀ ਘਾਟ ਹੈ।