ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਬਰੁਕਲਿਨ ਸਬਵੇਅ ਮੈਟ੍ਰੋ ਸਟੇਸ਼ਨ ‘ਤੇ ਅੰਨ੍ਹੇਵਾਹ ਕੀਤੀ ਗਈ ਗੋਲੀਬਾਰੀ ਅਤੇ ਧਮਾਕੇ ‘ਚ ਘੱਟੋ-ਘੱਟ 16 ਲੋਕ ਜ਼ਖਮੀ ਹੋ ਗਏ ਹਨ। ਜਦਕਿ 10 ਲੋਕਾਂ ਨੂੰ ਗੋਲੀ ਮਾਰੀ ਗਈ ਹੈ। 2 ਲੋਕਾਂ ਦੀ ਹਾਲਤ ਨਾਜ਼ੁਕ ਹੈ। ਨਿਊਯਾਰਕ ਪੁਲਿਸ ਮੁਤਾਬਿਕ ਹਮਲਾਵਰ ਗੈਸ ਮਾਸਕ ਪਾ ਕੇ ਆਇਆ ਸੀ। ਇੱਕ ਸਥਾਨਕ ਨਿਊਜ਼ ਏਜੰਸੀ ਮੁਤਾਬਿਕ ਪੁਲਿਸ ਨੇ ਮੌਕੇ ਤੋਂ ਕਈ ਬੰਬ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਨਿਊਯਾਰਕ ਪੁਲਿਸ ਵਿਭਾਗ ਨੇ ਜ਼ਿੰਦਾ ਬੰਬ ਮਿਲਣ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਇੰਨੇ ਲੋਕਾਂ ਨੂੰ ਗੋਲੀ ਮਾਰਨ ਦੀ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਸਨਸੈਟ ਪਾਰਕ ਦੇ ਇੱਕ ਮੈਟਰੋ ਸਟੇਸ਼ਨ ‘ਤੇ ਕਾਰਵਾਈ ਕਰ ਰਹੀ ਹੈ। ਇਸ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਦੀ ਜਾਣਕਾਰੀ ਰਾਸ਼ਟਰਪਤੀ ਜੋ ਬਾਈਡਨ ਨੂੰ ਦੇ ਦਿੱਤੀ ਗਈ ਹੈ। ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਨੇ ਦੱਸਿਆ ਕਿ ਸਨਸੈੱਟ ਪਾਰਕ ਨੇੜੇ 36 ਸਟ੍ਰੀਟ ਸਟੇਸ਼ਨ ਤੋਂ ਧੂੰਏਂ ਦੇ ਨਿਕਲਣ ਦੀ ਸੂਚਨਾ ਫਾਇਰਫਾਈਟਰਾਂ ਨੂੰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮੌਕੇ ‘ਤੇ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਵਿਸਫੋਟਕ ਬਰਾਮਦ ਕੀਤੇ ਗਏ।
ਇੱਕ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ੱਕੀ ਉਸਾਰੀ ਦੇ ਕੰਮ ਦੀ ਵਰਦੀ ਵਿੱਚ ਸੀ। ਇਸ ਦੇ ਨਾਲ ਹੀ ਸਾਹਮਣੇ ਆਏ ਦ੍ਰਿਸ਼ ਦੀ ਤਸਵੀਰ ਵਿਚ ਸਟੇਸ਼ਨ ਦੇ ਫਰਸ਼ ‘ਤੇ ਖੂਨ ਨਾਲ ਲੱਥਪੱਥ ਲੋਕ ਦਿਖਾਈ ਦੇ ਰਹੇ ਹਨ। ਹਾਲਾਂਕਿ ਘਟਨਾ ਬਾਰੇ ਹੋਰ ਵੇਰਵੇ ਤੁਰੰਤ ਪ੍ਰਾਪਤ ਨਹੀਂ ਹੋ ਸਕੇ। ਨਿਊਯਾਰਕ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਟੇਸ਼ਨ ‘ਤੇ ਗੋਲੀਬਾਰੀ ਜਾਂ ਧਮਾਕੇ ਵਿਚ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਮਿਲੀ ਸੀ।