ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਹੈ। ਇਸ ਬਾਰੇ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਕਈ ਸਿੱਖ ਕੈਦੀਆਂ ਦੀ ਰਿਹਾਈ ਕੀਤੀ ਜਾਣੀ ਚਾਹੀਦੀ ਹੈ। ਹਰਸਿਮਰਤ ਬਾਦਲ ਨੇ ਸੋਮਵਾਰ ਨੂੰ ਲੋਕ ਸਭਾ ‘ਚ “ਜੇਲ੍ਹਾਂ ਵਿੱਚ ਬੰਦ ਬਹੁਤ ਸਾਰੇ ਸਿੱਖ ਕੈਦੀਆਂ” ਦਾ ਮੁੱਦਾ ਉਠਾਇਆ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਸਮੇਤ ਅਜਿਹੇ ਸਾਰੇ ਸਿੱਖ ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ, ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ। ਉਨ੍ਹਾਂ ਸਦਨ ਵਿੱਚ ਸਿਫ਼ਰ ਕਾਲ ਦੌਰਾਨ ਇਹ ਮਾਮਲਾ ਉਠਾਇਆ।
ਹਰਸਿਮਰਤ ਬਾਦਲ ਨੇ ਕਿਹਾ, ‘‘ਮੈਂ ਸਰਕਾਰ ਦਾ ਧਿਆਨ ਉਨ੍ਹਾਂ ਬੰਦੀ ਸਿੱਖਾਂ ਵੱਲ ਦਿਵਾਉਣਾ ਚਾਹੁੰਦੀ ਹਾਂ, ਜੋ 25-30 ਸਾਲਾਂ ਤੋਂ ਸਜ਼ਾ ਕੱਟਣ ਤੋਂ ਬਾਅਦ ਵੀ ਜੇਲ੍ਹ ’ਚ ਬੰਦ ਹਨ। ਉਨ੍ਹਾਂ ਨੂੰ ਦੁੱਗਣੀ ਸਜ਼ਾ ਹੋ ਗਈ ਹੈ ਪਰ ਹੁਣ ਅਜੇ ਵੀ ਬਾਹਰ ਨਹੀਂ ਆਏ ਹਨ। ਪ੍ਰੋਫੈਸਰ ਭੁੱਲਰ ਵਰਗੇ ਲੋਕ ਜੋ ਆਪਣੀ ਤੈਅ ਸਜ਼ਾ ਤੋਂ ਦੁੱਗਣੀ ਸਜ਼ਾ ਕੱਟ ਚੁੱਕੇ ਹਨ, ਉਹ ਅਜੇ ਵੀ ਜੇਲ੍ਹ ’ਚ ਬੰਦ ਹਨ।’’ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਵਾਅਦਾ ਕੀਤਾ ਪਰ ਦਿੱਲੀ ’ਚ ਉਨ੍ਹਾਂ ਦੇ ਮੰਤਰੀ ਕੋਈ ਠੋਸ ਕਦਮ ਨਹੀਂ ਚੁੱਕ ਰਹੇ। ਕੁਝ ਸਾਲ ਪਹਿਲਾਂ ਸਰਕਾਰ ਨੇ ਸਜ਼ਾ ਪੂਰੀ ਕਰਨ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਰਿਹਾਈ ਨਹੀਂ ਹੋਈ। ਹਰਸਿਮਰਤ ਕੌਰ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਜਿਹੇ ਸਿੱਖ ਕੈਦੀਆਂ ਦੀ ਤੁਰੰਤ ਰਿਹਾਈ ਕੀਤੀ ਜਾਵੇ।