ਅਮਰੀਕਾ ਦੇ ਮਿਆਮੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਵੀਰਵਾਰ ਨੂੰ ਇੱਥੇ ਸਰਫਸਾਈਡ ਸ਼ਹਿਰ ਵਿੱਚ ਇੱਕ ਬਹੁਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਢਹਿ ਗਿਆ ਸੀ। ਇਸ ਤੋਂ ਬਾਅਦ, ਵੱਡੀ ਗਿਣਤੀ ਵਿੱਚ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਮਿਆਮੀ ਡੇਡ ਫਾਇਰ ਬਚਾਅ ਵਿਭਾਗ, ਜੋ ਬਚਾਅ ਅਤੇ ਸਰਚ ਅਭਿਆਨ ਚਲਾ ਰਿਹਾ ਹੈ, ਨੇ ਇੱਕ ਟਵੀਟ ਵਿੱਚ ਕਿਹਾ ਕਿ 80 ਤੋਂ ਵੱਧ ਯੂਨਿਟ ਘਟਨਾ ਵਾਲੀ ਥਾਂ ‘ਤੇ ਹਨ ਅਤੇ ਨਗਰ ਨਿਗਮ ਦੇ ਫਾਇਰ ਵਿਭਾਗ ਤੋਂ ਸਹਾਇਤਾ ਪ੍ਰਾਪਤ ਕਰ ਰਹੇ ਹਨ।
ਮਿਆਮੀ ਦੇ ਬਾਹਰੀ ਹਿੱਸੇ ‘ਤੇ ਬੀਚ ਦੇ ਨੇੜੇ ਇਮਾਰਤ ਦੇ ਢਹਿਣ ਕਾਰਨ 4 ਲੋਕਾਂ ਦੀ ਮੌਤ ਹੋਈ ਹੈ ਅਤੇ 159 ਲੋਕ ਅਜੇ ਵੀ ਲਾਪਤਾ ਦੱਸੇ ਗਏ ਹਨ। ਬਚਾਅ ਕਾਰਜਕਰਤਾਵਾਂ ਨੇ ਕਈ ਲੋਕਾਂ ਨੂੰ ਮਲਬੇ ਤੋਂ ਬਾਹਰ ਕੱਢਿਆ ਅਤੇ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਦਕਿ ਕੁੱਝ ਲੋਕਾਂ ਨੂੰ ਮਾਮੂਲੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰਫਸਾਈਡ ਵਿਖੇ 12 ਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਸਥਾਨਕ ਸਮੇਂ ਅਨੁਸਾਰ ਰਾਤ 1.30 ਵਜੇ ਢਹਿ ਗਿਆ ਸੀ। ਮੇਅਰ ਚਾਰਲਸ ਬਰਕੇਟ ਨੇ ਕਿਹਾ, “ਇਹ ਬਹੁਤ ਦੁੱਖਦਾਈ ਹੈ।” ਮਿਆਮੀ-ਡੇਡ ਕਾਉਂਟੀ ਦੇ ਸਹਾਇਕ ਫਾਇਰ ਚੀਫ ਲਾਲ ਜੈਦੱਲਾ ਨੇ ਕਿਹਾ, “ਜਦੋਂ ਵੀ ਅਸੀਂ ਕੋਈ ਆਵਾਜ਼ ਸੁਣਦੇ ਹਾਂ, ਅਸੀਂ ਉਨ੍ਹਾਂ ਖੇਤਰਾਂ ‘ਤੇ ਧਿਆਨ ਕੇਂਦਰਤ ਕਰਦੇ ਹਾਂ।” ਰਾਹਤ ਅਤੇ ਬਚਾਅ ਕਾਰਜ ਪੂਰੇ ਜੋਰਾਂ-ਸ਼ੋਰਾਂ ਨਾਲ ਜਾਰੀ ਹਨ।
ਮਿਆਮੀ-ਡੇਡ ਦੇ ਪੁਲਿਸ ਡਾਇਰੈਕਟਰ ਫਰੈਡੀ ਰਮੀਰੇਜ ਨੇ ਕਿਹਾ ਕਿ ਬੀਤੀ ਰਾਤ ਤਿੰਨ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਅਧਿਕਾਰੀ ਪੀੜਤ ਵਿਅਕਤੀਆਂ ਦੀ ਪਛਾਣ ਲਈ ਮੈਡੀਕਲ ਜਾਂਚਕਰਤਾ ਦੇ ਦਫਤਰ ਨਾਲ ਕੰਮ ਕਰ ਰਹੇ ਹਨ। ਹਾਦਸੇ ਵਿੱਚ 11 ਲੋਕ ਜ਼ਖਮੀ ਹੋ ਗਏ ਹਨ ਅਤੇ ਚਾਰ ਲੋਕਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਹ ਸੰਭਾਵਤ ਹੈ ਕਿ ਜ਼ਖਮੀਆਂ ਦੀ ਗਿਣਤੀ ਵਧੇਗੀ ਕਿਉਂਕਿ ਮਲਬੇ ਹੇਠਾਂ ਜ਼ਿਆਦਾ ਲੋਕ ਦੇ ਫਸੇ ਹੋਣ ਦਾ ਖਦਸ਼ਾ ਹੈ।
ਮਿਆਮੀ-ਡੇਡ ਦੀ ਮੇਅਰ ਡੈਨੀਏਲਾ ਲੇਵਿਨ ਕਾਵਾ ਨੇ ਕਿਹਾ ਬਚਾਅ ਕਰਨ ਵਾਲੇ ਮਲਬੇ ਵਿੱਚੋਂ ਲੰਘਣ ਦਾ “ਕਾਫੀ ਖਤਰਾ” ਹੈ। ਅਧਿਕਾਰੀਆਂ ਨੇ ਇਮਾਰਤ ਢਹਿਣ ਦੇ ਕਾਰਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ, ਇਹ ਪਤਾ ਲੱਗਿਆ ਹੈ ਕਿ ਇਮਾਰਤ ਦੀ ਛੱਤ ‘ਤੇ ਕੁੱਝ ਕੰਮ ਚੱਲ ਰਿਹਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵੇਲੇ ਮਲਬੇ ਵਿੱਚ ਲੋਕਾਂ ਨੂੰ ਲੱਭਣਾ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਲੱਗਭਗ ਅੱਧੀ ਇਮਾਰਤ ਦੇ ਲੱਗਭਗ 130 ਯੂਨਿਟ ਪ੍ਰਭਾਵਿਤ ਹੋਏ ਸਨ, ਅਤੇ ਬਚਾਅ ਕਰਮਚਾਰੀਆਂ ਨੇ ਇਮਾਰਤ ਦੇ ਢਹਿਣ ਤੋਂ ਬਾਅਦ ਪਹਿਲੇ ਘੰਟਿਆਂ ਵਿੱਚ ਘੱਟੋ ਘੱਟ 35 ਲੋਕਾਂ ਨੂੰ ਮਲਬੇ ਤੋਂ ਬਾਹਰ ਕੱਢ ਲਿਆ ਸੀ, ਪਰ 159 ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।