IPL 2022 ਵਿੱਚ, RCB ਦਾ ਸਾਹਮਣਾ ਬੁੱਧਵਾਰ ਸ਼ਾਮ ਨੂੰ ਕੋਲਕਾਤਾ (KKR) ਨਾਲ ਹੋਵੇਗਾ। ਇਸ ਸੀਜ਼ਨ ‘ਚ ਦੋਵੇਂ ਟੀਮਾਂ ਨੇ ਇੱਕ-ਇੱਕ ਮੈਚ ਖੇਡਿਆ ਹੈ। ਜਿੱਥੇ ਬੈਂਗਲੁਰੂ ਨੂੰ ਪਹਿਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਕੋਲਕਾਤਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਮੈਚ ਜਿੱਤਿਆ ਹੈ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਕੇਕੇਆਰ ਟੂਰਨਾਮੈਂਟ ‘ਚ ਸ਼ਾਨਦਾਰ ਸ਼ੁਰੂਆਤ ਕਰਨ ਤੋਂ ਬਾਅਦ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ, ਜਦਕਿ ਫਾਫ ਡੂ ਪਲੇਸਿਸ ਦੀ ਅਗਵਾਈ ਵਾਲੀ ਬੈਂਗਲੁਰੂ ਟੂਰਨਾਮੈਂਟ ‘ਚ ਆਪਣੀ ਪਹਿਲੀ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ।
ਆਰਸੀਬੀ ਅਤੇ ਕੇਕੇਆਰ ਦੀਆਂ ਟੀਮਾਂ ਵਿੱਚ ਕਈ ਨੌਜਵਾਨ ਅਤੇ ਤਜਰਬੇਕਾਰ ਖਿਡਾਰੀ ਹਨ। ਜੇਕਰ ਦੋਵਾਂ ਟੀਮਾਂ ਦੇ ਪਿਛਲੇ ਰਿਕਾਰਡਾਂ ਦੀ ਗੱਲ ਕਰੀਏ ਤਾਂ ਆਈਪੀਐੱਲ ‘ਚ ਬੈਂਗਲੁਰੂ ਅਤੇ ਕੋਲਕਾਤਾ 29 ਮੈਚਾਂ ‘ਚ ਆਹਮੋ-ਸਾਹਮਣੇ ਹੋ ਚੁੱਕੇ ਹਨ। ਇਨ੍ਹਾਂ 29 ਮੈਚਾਂ ‘ਚੋਂ ਕੇਕੇਆਰ ਨੇ 16 ਮੈਚ ਜਿੱਤੇ ਹਨ ਜਦਕਿ ਆਰਸੀਬੀ ਨੇ 13 ਮੈਚ ਜਿੱਤੇ ਹਨ।