ਨਿਊਜ਼ੀਲੈਂਡ ਲਈ, ਪਾਕਿਸਤਾਨ ਦੇ ਖਿਲਾਫ ਜਿੱਤ ਹੁਣ ਭਾਵੇਂ ਟੀਮ ਨੂੰ ਸੈਮੀਫਾਈਨਲ ਦਾ ਟਿਕਟ ਨਹੀਂ ਦਵਾ ਸਕਦੀ। ਪਰ ਟੂਰਨਾਮੈਂਟ ਦੀ ਮੇਜ਼ਬਾਨ ਹੋਣ ਦੇ ਨਾਤੇ ਕੀਵੀ ਟੀਮ ਆਪਣੇ ਸਫ਼ਰ ਨੂੰ ਅਨੋਖੇ ਤਰੀਕੇ ਨਾਲ ਸਮਾਪਤ ਕਰਨਾ ਚਾਹੁੰਦੀ ਹੈ। ਇਸ ਇਰਾਦੇ ਨੂੰ ਦਿਲ ‘ਚ ਰੱਖ ਕੇ ਜਦੋਂ ਸੂਜ਼ੀ ਬੇਟਸ ਮੈਦਾਨ ‘ਚ ਉਤਰੀ ਤਾਂ ਉਸ ਨੇ ਇਤਿਹਾਸ ਰਚ ਦਿੱਤਾ। ਪਾਕਿਸਤਾਨੀ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾਉਂਦਿਆਂ ਸੂਜ਼ੀ ਨੇ ਸ਼ਾਨਦਾਰ ਸੈਂਕੜਾ ਜੜਿਆ ਹੈ। ਪਾਕਿਸਤਾਨੀ ਟੀਮ ਦੇ ਗੇਂਦਬਾਜ਼ਾਂ ਦਾ ਜ਼ੋਰ ਭਾਵੇਂ ਨਿਊਜ਼ੀਲੈਂਡ ਦੇ ਦੂਜੇ ਬੱਲੇਬਾਜ਼ਾਂ ‘ਤੇ ਚੱਲਿਆ ਹੋਵੇ। ਪਰ, ਉਹ ਸੂਜ਼ੀ ਬੇਟਸ ਦੇ ਸਾਹਮਣੇ ਬੇਅਸਰ ਨਜ਼ਰ ਆਏ। ਇਸ ਦਾ ਸਬੂਤ ਉਸ ਦੇ ਬੱਲੇ ਤੋਂ ਨਿਕਲਿਆ ਸੈਂਕੜਾ ਹੈ, ਜਿਸ ਨੇ ਕੀਵੀ ਟੀਮ ਨੂੰ ਪਾਕਿਸਤਾਨ ਖ਼ਿਲਾਫ਼ ਵੱਡੇ ਸਕੋਰ ਵੱਲ ਧੱਕਣ ਦਾ ਕੰਮ ਕੀਤਾ।
ਸੂਜ਼ੀ ਬੇਟਸ ਨੇ ਪਾਕਿਸਤਾਨ ਖਿਲਾਫ 135 ਗੇਂਦਾਂ ‘ਚ 126 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 14 ਚੌਕੇ ਲਾਏ। ਪਾਕਿਸਤਾਨ ਖਿਲਾਫ 3 ਪਾਰੀਆਂ ‘ਚ ਇਹ ਉਸਦਾ ਦੂਜਾ ਸੈਂਕੜਾ ਹੈ। ਇਸ ਦੇ ਨਾਲ ਹੀ ਇਹ ਉਸ ਦੇ ਵਨਡੇ ਕਰੀਅਰ ਦਾ 12ਵਾਂ ਸੈਂਕੜਾ ਹੈ। ਇਨ੍ਹਾਂ 12 ਸੈਂਕੜਿਆਂ ਨਾਲ ਸੂਜ਼ੀ ਬੇਟਸ ਮਹਿਲਾ ਕ੍ਰਿਕਟ ‘ਚ ਸਭ ਤੋਂ ਵੱਧ ਵਨਡੇ ਸੈਂਕੜੇ ਲਗਾਉਣ ਵਾਲੀ ਦੂਜੀ ਖਿਡਾਰਨ ਬਣ ਗਈ ਹੈ। ਆਸਟ੍ਰੇਲੀਆ ਦੀ ਕਪਤਾਨ ਮੇਗ ਲੈਨਿੰਗ ਦੇ ਨਾਂ ਸਭ ਤੋਂ ਵੱਧ 15 ਸੈਂਕੜੇ ਹਨ। ਆਈਸੀਸੀ ਮਹਿਲਾ ਵਿਸ਼ਵ ਕੱਪ 2022 ਵਿੱਚ ਸੂਜ਼ੀ ਬੇਟਸ ਦਾ ਇਹ ਪਹਿਲਾ ਸੈਂਕੜਾ ਹੈ। ਇਸ ਨਾਲ ਵਿਸ਼ਵ ਕੱਪ ‘ਚ ਉਸ ਦੇ ਕੁੱਲ ਸੈਂਕੜਿਆਂ ਦੀ ਗਿਣਤੀ 4 ਹੋ ਗਈ ਹੈ।