ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਸੰਭਾਲਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਵੱਡੇ ਫੈਸਲੇ ਲੈ ਰਹੇ ਹਨ। ਸੀਐਮ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਵਿਧਾਇਕਾਂ ਦੀ ਪੈਨਸ਼ਨ ਦੇ ਫਾਰਮੂਲੇ ਵਿੱਚ ਬਦਲਾਅ ਦਾ ਐਲਾਨ ਕੀਤਾ। ਹੁਣ ਵਿਧਾਇਕਾਂ ਨੂੰ ਇੱਕ ਵਾਰ ਪੈਨਸ਼ਨ ਮਿਲੇਗੀ। ਹੁਣ ਤੱਕ ਹਰ ਵਾਰ ਜਦੋਂ ਕੋਈ ਵਿਧਾਇਕ ਜਿੰਨੀ ਵਾਰ ਵੀ ਵਿਧਾਇਕ ਬਣਦਾ ਸੀ, ਉਨ੍ਹਾਂ ਲਈ ਓਨੀ ਵਾਰ ਹੀ ਪੈਨਸ਼ਨ ਦੀ ਰਕਮ ਜੋੜੀ ਜਾਂਦੀ ਸੀ।
ਅੱਜ ਅਸੀਂ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਪੰਜਾਬ ਵਿੱਚ ਵਿਧਾਇਕਾਂ ਦੀ ਪੈਨਸ਼ਨ ਫਾਰਮੂਲੇ 'ਚ ਬਦਲਾਅ ਕੀਤਾ ਜਾਵੇਗਾ। ਹੁਣ ਵਿਧਾਇਕਾਂ ਨੂੰ ਸਿਰਫ਼ ਇੱਕ ਹੀ ਪੈਨਸ਼ਨ ਮਿਲੇਗੀ।
ਵਿਧਾਇਕਾਂ ਦੀ ਪੈਨਸ਼ਨ 'ਤੇ ਖ਼ਰਚ ਕੀਤੇ ਜਾਣ ਵਾਲੇ ਹਜ਼ਾਰਾਂ ਕਰੋੜ ਰੁਪਏ ਹੁਣ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਵਰਤੇ ਜਾਣਗੇ।
— Bhagwant Mann (@BhagwantMann) March 25, 2022
ਭਗਵੰਤ ਮਾਨ ਨੇ ਕਿਹਾ ਕਿ ਬਹੁਤ ਸਾਰੇ ਸਾਬਕਾ ਵਿਧਾਇਕ ਅਜਿਹੇ ਹਨ ਜਿਨ੍ਹਾਂ ਨੂੰ ਲੱਖਾਂ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ, ਕਿਸੇ ਨੂੰ 4 ਲੱਖ, ਕਿਸੇ ਨੂੰ 5 ਲੱਖ ਰੁਪਏ ਪੈਨਸ਼ਨ ਮਿਲ ਰਹੀ ਹੈ ਜਿਸ ਨਾਲ ਸੂਬਾ ਸਰਕਾਰ ਦੇ ਖਜ਼ਾਨੇ ‘ਤੇ ਕਰੋੜਾਂ ਰੁਪਏ ਦਾ ਬੋਝ ਪੈ ਰਿਹਾ ਹੈ। ਅੱਜ ਵੱਡਾ ਐਲਾਨ ਕਰਦਿਆਂ ਮਾਨ ਨੇ ਕਿਹਾ ਕਿ ਵਿਧਾਇਕ ਭਾਵੇਂ 2 ਵਾਰ ਜਿੱਤੇ ਜਾਂ 7 ਵਾਰ ਜਿੱਤੇ ਪਰ ਉਸ ਨੂੰ ਪੈਨਸ਼ਨ ਸਿਰਫ ਇੱਕ ਟਰਮ ਦੀ ਹੀ ਮਿਲੇਗੀ। ਬਚਿਆ ਪੈਸਾ ਲੋਕਾਂ ਦੀ ਭਲਾਈ ਲਈ ਖਰਚ ਕੀਤਾ ਜਾਵੇਗਾ। ਸੇਵਾ ਲਈ ਇੰਨੀ ਵੱਡੀ ਰਕਮ ਦਿੱਤੇ ਜਾਣਾ ਕਿਸੇ ਪੱਖੋਂ ਸਹੀ ਨਹੀਂ ਹੈ। CM ਮਾਨ ਨੇ ਕਿਹਾ ਕਿ ਵਿਧਾਇਕਾਂ ਨੂੰ ਮਿਲਣ ਵਾਲੀ ਫੈਮਿਲੀ ਪੈਨਸ਼ਨ ਵੀ ਬਹੁਤ ਜ਼ਿਆਦਾ ਹੈ, ਜਿਸ ਵਿਚ ਕਟੌਤੀ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਇਸ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਆਉਣ ਵਾਲੇ ਦਿਨਾਂ ਵਿਚ ਪੂਰਾ ਵੇਰਵਾ ਦੇ ਦਿੱਤਾ ਜਾਵੇਗਾ।
ਦੱਸ ਦਈਏ ਕਿ ਪੰਜਾਬ ਵਿੱਚ ਇੱਕ ਵਾਰ ਵਿਧਾਇਕ ਰਹਿਣ ਵਾਲੇ ਨੂੰ 75,150 ਰੁਪਏ ਪੈਨਸ਼ਨ ਮਿਲਦੀ ਹੈ ਤੇ ਹਰ ਮਿਆਦ ਲਈ ਲਗਪਗ 50,000 ਰੁਪਏ ਦਾ ਵਾਧਾ ਜੁੜਦਾ ਹੈ। ਪੰਜਾਬ ਦੇ ਕਈ ਵਿਧਾਇਕ ਢਾਈ ਲੱਖ ਰੁਪਏ ਮਾਸਕ ਤੋਂ ਜ਼ਿਆਦਾ ਪੈਨਸ਼ਨ ਲੈ ਰਹੇ ਹਨ। ਸੂਬੇ ਦੇ ਕਿਸੇ ਸਾਬਕਾ ਸਰਬਉੱਚ ਅਧਿਕਾਰੀ ਨੂੰ ਵੱਧ ਤੋਂ ਵੱਧ ਪੈਨਸ਼ਨ (ਮਹਿੰਗਾਈ ਭੱਤਾ ਪਾ ਕੇ) ਡੇਢ ਲੱਖ ਰੁਪਏ ਤੋਂ ਜ਼ਿਆਦਾ ਨਹੀਂ ਮਿਲਦੀ।