ਜਦੋਂ ਫ੍ਰੈਂਚਾਇਜ਼ੀਜ਼ ਨੇ IPL 2022 ਲਈ ਰਿਟੇਨਸ਼ਨ ਲਿਸਟ ਜਾਰੀ ਕੀਤੀ ਤਾਂ ਕੁਝ ਗੱਲਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ‘ਚੋਂ ਇੱਕ ਸੀ ਕੇਐੱਲ ਰਾਹੁਲ ਨੂੰ ਪੰਜਾਬ ਕਿੰਗਜ਼ ਵੱਲੋਂ ਰਿਟੇਨ ਨਹੀਂ ਕੀਤਾ ਜਾਣਾ। ਦਰਅਸਲ ਰਾਹੁਲ ਨੇ ਖੁਦ ਫੈਸਲਾ ਕੀਤਾ ਸੀ ਕਿ ਉਹ ਹੁਣ ਪੰਜਾਬ ਕਿੰਗਜ਼ ਨਾਲ ਨਹੀਂ ਰਹਿਣਗੇ ਅਤੇ ਨਵੀਂ ਟੀਮ ‘ਚ ਸ਼ਾਮਿਲ ਹੋਣਗੇ। ਇਸ ਸੀਜ਼ਨ ‘ਚ ਉਹ ਲਖਨਊ ਸੁਪਰਜਾਇੰਟਸ ਦੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਲਖਨਊ ਨੇ ਰਾਹੁਲ ਨੂੰ ਮੈਗਾ ਨਿਲਾਮੀ ਤੋਂ ਪਹਿਲਾਂ ਆਪਣੇ ਨਾਲ ਜੋੜਿਆ ਸੀ। ਰਾਹੁਲ ਨੇ ਹੁਣ ਦੱਸਿਆ ਹੈ ਕਿ ਉਹ ਪੰਜਾਬ ਕਿੰਗਜ਼ ਤੋਂ ਬਾਹਰ ਕਿਉਂ ਗਿਆ ਸੀ।
ਰਾਹੁਲ ਨੇ ਰਵੀਚੰਦਰਨ ਅਸ਼ਵਿਨ ਦੇ ਜਾਣ ਤੋਂ ਬਾਅਦ ਦੋ ਸੀਜ਼ਨਾਂ ਤੱਕ ਪੰਜਾਬ ਕਿੰਗਜ਼ ਦੀ ਕਪਤਾਨੀ ਕੀਤੀ ਅਤੇ ਕਾਫੀ ਦੌੜਾਂ ਬਣਾਈਆਂ ਪਰ ਉਹ ਆਪਣੀ ਕਪਤਾਨੀ ਤੋਂ ਪ੍ਰਭਾਵਿਤ ਨਹੀਂ ਹੋ ਸਕਿਆ ਅਤੇ ਟੀਮ ਨੂੰ ਪਲੇਆਫ ‘ਚ ਵੀ ਨਹੀਂ ਲੈ ਜਾ ਸਕਿਆ। ਹਾਲਾਂਕਿ ਪੰਜਾਬ ਚਾਹੁੰਦਾ ਸੀ ਕਿ ਰਾਹੁਲ ਟੀਮ ਦੇ ਨਾਲ ਰਹੇ ਪਰ ਰਾਹੁਲ ਨੇ ਛੱਡਣ ਦਾ ਫੈਸਲਾ ਕੀਤਾ।
ਟੀਮ ਨੂੰ ਛੱਡਣਾ ਮੁਸ਼ਕਿਲ ਫੈਸਲਾ ਸੀ
ਰਾਹੁਲ ਨੇ ਕਿਹਾ ਕਿ ਉਨ੍ਹਾਂ ਲਈ ਇਹ ਫੈਸਲਾ ਲੈਣਾ ਬਹੁਤ ਮੁਸ਼ਕਿਲ ਸੀ ਪਰ ਉਹ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਨੇ ਹੋਰ ਕੀ ਹਾਸਿਲ ਕਰਨਾ ਹੈ। ਰਾਹੁਲ ਨੇ ਕਿਹਾ, “ਮੈਂ ਚਾਰ ਸਾਲ ਤੋਂ ਟੀਮ ਨਾਲ ਸੀ ਅਤੇ ਮੈਂ ਟੀਮ ਨਾਲ ਚੰਗਾ ਸਮਾਂ ਬਿਤਾਇਆ। ਮੈਂ ਸਿਰਫ ਇਹ ਦੇਖਣਾ ਚਾਹੁੰਦਾ ਸੀ ਕਿ ਮੇਰੇ ਲਈ ਹੋਰ ਨਵਾਂ ਕੀ ਹੈ, ਕੀ ਮੇਰੇ ਲਈ ਕੋਈ ਨਵਾਂ ਸਫ਼ਰ ਹੈ। ਇਹ ਯਕੀਨੀ ਤੌਰ ‘ਤੇ ਇੱਕ ਮੁਸ਼ਕਿਲ ਫੈਸਲਾ ਸੀ। ਮੈਂ ਲੰਬੇ ਸਮੇਂ ਤੋਂ ਪੰਜਾਬ ਨਾਲ ਜੁੜਿਆ ਹੋਇਆ ਹਾਂ। ਮੈਂ ਸਿਰਫ਼ ਇਹ ਦੇਖਣਾ ਚਾਹੁੰਦਾ ਸੀ ਕਿ ਕੀ ਮੈਂ ਕੁਝ ਹੋਰ ਕਰ ਸਕਦਾ ਹਾਂ।”
ਜਦੋਂ ਆਈਪੀਐਲ ਰਿਟੇਨਸ਼ਨ ਲਿਸਟ ਦਾ ਐਲਾਨ ਕੀਤਾ ਗਿਆ ਸੀ, ਤਾਂ ਪੰਜਾਬ ਦੇ ਕੋਚ ਅਨਿਲ ਕੁੰਬਲੇ ਨੇ ਕਿਹਾ ਸੀ ਕਿ ਟੀਮ ਰਾਹੁਲ ਨੂੰ ਉਨ੍ਹਾਂ ਦੇ ਨਾਲ ਚਾਹੁੰਦੀ ਹੈ ਪਰ ਰਾਹੁਲ ਨੇ ਨਿਲਾਮੀ ਲਈ ਜਾਣ ਦਾ ਫੈਸਲਾ ਕੀਤਾ ਹੈ। ਕੁੰਬਲੇ ਨੇ ਕਿਹਾ, ”ਜ਼ਾਹਿਰ ਹੈ ਕਿ ਅਸੀਂ ਉਸ ਨੂੰ ਬਰਕਰਾਰ ਰੱਖਣਾ ਚਾਹੁੰਦੇ ਸੀ। ਇਸ ਲਈ ਅਸੀਂ ਦੋ ਸਾਲ ਪਹਿਲਾਂ ਉਸ ਨੂੰ ਆਪਣਾ ਕਪਤਾਨ ਚੁਣਿਆ ਸੀ। ਪਰ ਉਸਨੇ ਨਿਲਾਮੀ ਵਿੱਚ ਜਾਣ ਦਾ ਫੈਸਲਾ ਕੀਤਾ। ਅਸੀਂ ਇਸਦਾ ਸਤਿਕਾਰ ਕਰਦੇ ਹਾਂ। ਇਹ ਖਿਡਾਰੀ ਦਾ ਫੈਸਲਾ ਹੈ।”
ਮਯੰਕ ਅਗਰਵਾਲ ਇਸ ਸੀਜ਼ਨ ‘ਚ ਪੰਜਾਬ ਦੀ ਕਪਤਾਨੀ ਕਰਨਗੇ। ਫਰੈਂਚਾਇਜ਼ੀ ਨੇ ਉਸ ਨੂੰ ਬਰਕਰਾਰ ਰੱਖਿਆ ਅਤੇ ਅਰਸ਼ਦੀਪ ਸਿੰਘ ਨੂੰ ਵੀ ਆਪਣੇ ਨਾਲ ਰੱਖਿਆ।