ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਦੀ ਇਹ ਮੀਟਿੰਗ ਚੰਡੀਗੜ੍ਹ ਵਿੱਚ ਹੋਈ। ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਵਧਾਈ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ‘ਆਪ’ ਨੇ 117 ‘ਚੋਂ 92 ਸੀਟਾਂ ਜਿੱਤੀਆਂ ਹਨ। ਦੂਜੇ ਪਾਸੇ ਕਾਂਗਰਸ ਨੂੰ 18, ਭਾਜਪਾ ਨੂੰ 2, ਸ਼੍ਰੋਮਣੀ ਅਕਾਲੀ ਦਲ ਨੂੰ 3 ਅਤੇ ਹੋਰਨਾਂ ਨੂੰ 2 ਸੀਟਾਂ ਮਿਲੀਆਂ ਹਨ।
ਇਤਿਹਾਸਕ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ 16 ਮਾਰਚ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਦੇ ਨਾਲ ਹੀ 19 ਮਾਰਚ ਨੂੰ ਮੰਤਰੀ ਮੰਡਲ ਦਾ ਗਠਨ ਕੀਤਾ ਗਿਆ ਸੀ। ਮੰਤਰੀ ਮੰਡਲ ‘ਚ 10 ਨੇਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਆਗੂਆਂ ਨੇ ਚੰਡੀਗੜ੍ਹ ਵਿੱਚ ਸਹੁੰ ਚੁੱਕੀ। ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਤਾਂ ਇਹ ਚੋਣ ਉਨ੍ਹਾਂ ਲਈ ਬਹੁਤ ਮਾੜੀ ਰਹੀ ਹੈ। ਉਹ ਨਾ ਸਿਰਫ਼ ਸੱਤਾ ਤੋਂ ਬਾਹਰ ਹੋਏ ਸਗੋਂ ਆਪਣੀਆਂ ਦੋਵਾਂ ਸੀਟਾਂ ਤੋਂ ਚੋਣ ਵੀ ਹਾਰ ਗਏ। ਚਰਨਜੀਤ ਸਿੰਘ ਚੰਨੀ ਨੇ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਲੜੀ ਸੀ। ਦੋਵਾਂ ਸੀਟਾਂ ਤੋਂ ਆਪ ਉਮੀਦਵਾਰਾਂ ਨੇ ਉਨ੍ਹਾਂ ਨੂੰ ਹਰਾਇਆ ਹੈ। ਚੰਨੀ ਨੂੰ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਸੀ। ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਇਹ ਅਹੁਦਾ ਸੌਂਪਿਆ ਗਿਆ ਸੀ।