ਰੋਜ਼ੀ ਰੋਟੀ ਖਾਤਿਰ ਵਿਦੇਸ਼ਾ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਹਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਚਮਕਾਇਆ ਹੈ, ਭਾਵੇਂ ਭਾਰਤ ਹੋਵੇ ਜਾ ਭਾਰਤ ਤੋਂ ਬਾਹਰ ਦੀ ਗੱਲ ਹੋਵੇ। ਫਿਰ ਉਹ ਭਾਵੇ ਖੇਡਾਂ ਦਾ ਖੇਤਰ ਹੋਵੇ ਜਾ ਫਿਰ ਰਾਜਨੀਤੀ ਦਾ। ਜੇਕਰ ਦੁਨੀਆ ਦੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਪੰਜਾਬੀ ਪ੍ਰਮੁੱਖ ਅਹੁਦਿਆਂ ‘ਤੇ ਹਨ। ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ। ਪਿਛਲੇ ਕੁੱਝ ਦਿਨਾਂ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਪੂਰੇ ਵਿਸ਼ਵ ਵਿੱਚ ਭਾਰਤੀਆਂ ਅਤੇ ਪੰਜਾਬੀਆਂ ਦਾ ਮਾਣ ਵਧਾਇਆ ਹੈ।
ਅਜਿਹੀ ਹੀ ਇੱਕ ਹੋਰ ਵੱਡੇ ਮਾਣ ਵਾਲੀ ਖਬਰ ਆਸਟ੍ਰੇਲੀਆ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਜਲੰਧਰ ਦਾ ਪ੍ਰਦੀਪ ਸਿੰਘ ਆਸਟ੍ਰੇਲੀਆ ਵਿੱਚ ਪਹਿਲਾ ਭਾਰਤੀ ਜੱਜ ਬਣਿਆ ਹੈ । ਦਰਅਸਲ, ਜਲੰਧਰ ਦੇ ਕੋਟ ਕਲਾਂ ਪਿੰਡ ਦਾ ਪ੍ਰਦੀਪ ਸਿੰਘ ਟਿਵਾਣਾ ਆਸਟ੍ਰੇਲੀਆ ਵਿੱਚ ਜੱਜ ਵਜੋਂ ਨਿਯੁਕਤ ਹੋਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ਦੇ ਵਿਕਟੋਰੀਆ ਦੀ ਕੰਟਰੀ ਕੋਰਟ ਵਿੱਚ ਜੱਜ ਵੱਜੋਂ ਨਿਯੁਕਤ ਕੀਤਾ ਗਿਆ ਹੈ। ਇਸ ਖਬਰ ਬਾਰੇ ਜਦੋਂ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਪਤਾ ਲੱਗਿਆ ਤਾਂ ਲੋਕਾਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਪ੍ਰਦੀਪ ਟਿਵਾਣਾ ਨੇ ਜਲੰਧਰ ਦਾ ਨਾਮ ਮਾਣ ਨਾਲ ਉੱਚਾ ਕਰ ਦਿੱਤਾ ਹੈ।