ਪੰਜਾਬ ਵਿੱਚ ਹੂੰਝਾਫੇਰ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ। ਦੁਪਹਿਰ 12.30 ਵਜੇ ਹੋਣ ਵਾਲੇ ਇਸ ਸਮਾਗਮ ਵਿੱਚ ਪੂਰੇ ਪੰਜਾਬ ਵਿੱਚੋਂ ਦੋ ਲੱਖ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ। ਭਗਵੰਤ ਮਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਨੂੰ ਬੰਸਤੀ ਰੰਗ ਵਿੱਚ ਰੰਗਣ ਦਾ ਐਲਾਨ ਕੀਤਾ ਹੈ।
ਜਿਸਦੇ ਲਈ ਪੁਰਸ਼ਾਂ ਨੂੰ ਪੀਲੀ ਪੱਗ ਅਤੇ ਔਰਤਾਂ ਨੂੰ ਪੀਲੀ ਚੁੰਨੀ ਸਿਰ ‘ਤੇ ਲੈਣ ਦੀ ਅਪੀਲ ਕੀਤੀ ਗਈ ਹੈ। ਇੰਨਾ ਹੀ ਨਹੀਂ ਸਮਾਗਮ ਵਾਲੀ ਥਾਂ ਦੇ ਪੰਡਾਲ ਨੂੰ ਵੀ ਪੀਲੇ ਰੰਗ ਨਾਲ ਸਜਾਇਆ ਗਿਆ ਹੈ। ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੂਰੀ ਕੈਬਿਨੇਟ ਸਣੇ ਮੌਜੂਦ ਰਹਿਣਗੇ।