ਓਲੰਪਿਕ ਵਿੱਚ ਤਗਮੇ ਦਾ ਸੁਨਹਿਰੀ ਇਤਿਹਾਸ ਰੱਖਣ ਵਾਲੀ ਭਾਰਤੀ ਹਾਕੀ ਟੀਮ ਜੁਲਾਈ ਵਿੱਚ ਟੋਕਿਓ ਵਿੱਚ ਹੋਣ ਵਾਲੇ ਖੇਡਾਂ ਦੇ ਮਹਾਂਕੁੰਭ ਵਿੱਚ ਇੱਕ ਵਾਰ ਫਿਰ ਮੈਡਲ ਲਈ ਮੈਦਾਨ ਵਿੱਚ ਉਤਰੇਗੀ। ਇਹ ਮਾਣ ਵਾਲੀ ਗੱਲ ਹੈ ਕਿ ਅੱਠਵੀਂ ਵਾਰ ਟੀਮ ਦੀ ਕਮਾਨ ਇੱਕ ਪੰਜਾਬੀ ਖਿਡਾਰੀ ਦੇ ਹੱਥ ਵਿੱਚ ਹੋਵੇਗੀ। ਇਸ ਸਾਲ ਟੋਕਿਓ ਵਿੱਚ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ। ਟੋਕਿਓ ਵਿੱਚ ਓਲੰਪਿਕ ਖੇਡਾਂ 23 ਜੁਲਾਈ ਨੂੰ ਸ਼ੁਰੂ ਹੋਣਗੀਆਂ। ਓਲੰਪਿਕ ਖੇਡਾਂ ਵਿੱਚ 8 ਸੋਨੇ ਦੇ ਤਗਮੇ ਆਪਣੇ ਨਾਮ ਕਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਇਸ ਵਾਰ ਜ਼ੋਰਦਾਰ ਤਿਆਰੀ ਨਾਲ ਮੈਦਾਨ ਵਿੱਚ ਪ੍ਰਵੇਸ਼ ਕਰਨ ਜਾਂ ਰਹੀ ਹੈ।
ਪਰ ਪੰਜਾਬ ਲਈ ਵੀ ਵੱਡੇ ਮਾਣ ਦੀ ਗੱਲ਼ ਹੈ ਕਿ ਓਲੰਪਿਕ ਖੇਡਾਂ ਵਿੱਚ ਸੂਬੇ ਨੂੰ 21 ਸਾਲਾਂ ਪਿੱਛੋਂ ਹਾਕੀ ਦੀ ਕਪਤਾਨੀ ਮਿਲੀ ਹੈ। ਟੋਕੀਓ ਓਲਪਿੰਕ ਵਿੱਚ ਪੰਜਾਬ ਦਾ ਨੌਜਵਾਨ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ। ਦੱਸ ਦਈਏ ਕਿ ਮਨਪ੍ਰੀਤ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ। ਖਾਸ ਗੱਲ ਇਹ ਹੈ ਕਿ ਮਿੱਠਾਪੁਰ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ, ਜਿਸ ਨੂੰ ਤੀਜੀ ਵਾਰ ਓਲੰਪਿਕ ਖੇਡਾਂ ਵਿੱਚ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ ਹੈ। ਮਨਪ੍ਰੀਤ ਤੋਂ ਪਹਿਲਾਂ ਪਰਗਟ ਸਿੰਘ (ਵਿਧਾਇਕ) ਬਾਰਸੀਲੋਨਾ-1992 ਤੇ ਐਟਲਾਂਟਾ-1996 ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਉਂਝ ਮਨਪ੍ਰੀਤ ਸਿੰਘ ਪੰਜਾਬ ਦਾ 8ਵਾਂ ਖਿਡਾਰੀ ਹੈ, ਜੋ ਓਲਪਿੰਕ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਬਲਬੀਰ ਸਿੰਘ ਸੀਨੀਅਰ, ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਪਰਗਟ ਸਿੰਘ ਤੇ ਰਮਨਦੀਪ ਸਿੰਘ ਗਰੇਵਾਲ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ।
ਇਸੇ ਤਰ੍ਹਾਂ ਬੀਰੇਂਦਰ ਲਾਕੜਾ ਤੇ ਹਰਮਨਪ੍ਰੀਤ ਸਿੰਘ ਨੂੰ ਟੀਮ ਦਾ ਉਪ-ਕਪਤਾਨ ਐਲਾਨਿਆ ਗਿਆ ਹੈ। ਭਾਰਤ ਨੇ ਪਿਛਲੇ ਹਫਤੇ 16 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ ਪਰ ਕਪਤਾਨ ਦੇ ਨਾਮ ਦੀ ਘੋਸ਼ਣਾ ਨਹੀਂ ਕੀਤੀ ਗਈ ਸੀ। ਮਨਪ੍ਰੀਤ ਤੀਜੀ ਵਾਰ ਓਲੰਪਿਕ ਖੇਡਣ ਜਾ ਰਿਹਾ ਹੈ। ਮਨਪ੍ਰੀਤ ਨੇ ਹਾਕੀ ਇੰਡੀਆ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਮੈਨੂੰ ਓਲੰਪਿਕ ਵਿੱਚ ਤੀਜੀ ਵਾਰ ਅਤੇ ਕਪਤਾਨ ਵਜੋਂ ਭਾਰਤ ਲਈ ਖੇਡਣ ਦਾ ਮੌਕਾ ਮਿਲ ਰਿਹਾ ਹੈ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ।”
ਮਨਪ੍ਰੀਤ ਦੀ ਕਪਤਾਨੀ ਹੇਠ ਭਾਰਤ ਨੇ ਏਸ਼ੀਆ ਕੱਪ 2017, ਏਸ਼ੀਅਨ ਚੈਂਪੀਅਨਸ ਟਰਾਫੀ 2018 ਅਤੇ ਐਫਆਈਐਚ ਸੀਰੀਜ਼ ਫਾਈਨਲਜ 2019 ਜਿੱਤਿਆ ਸੀ। ਭਾਰਤੀ ਟੀਮ ਭੁਵਨੇਸ਼ਵਰ ‘ਚ ਹੋਏ 2018 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਵੀ ਪਹੁੰਚੀ ਸੀ। ਹਰਮਨਪ੍ਰੀਤ ਨੇ ਮਨਪ੍ਰੀਤ ਦੀ ਗੈਰਹਾਜ਼ਰੀ ਵਿੱਚ ਟੋਕਿਓ ਵਿਖੇ 2019 ਓਲੰਪਿਕ ਟੈਸਟ ਟੂਰਨਾਮੈਂਟ ਵਿਚ ਭਾਰਤ ਦੀ ਕਪਤਾਨੀ ਕੀਤੀ ਸੀ। ਭਾਰਤੀ ਟੀਮ 24 ਜੁਲਾਈ ਨੂੰ ਟੋਕਿਓ ਓਲੰਪਿਕ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨਾਲ ਖੇਡੇਗੀ।