ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕਰੇਨ ‘ਤੇ ਹਮਲਾ ਕਰਨ ਦੇ ਫੈਸਲੇ ਦਾ ਨਤੀਜਾ ਹੁਣ ਰੂਸ ਦੇ ਖਿਡਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇੱਕ ਤੋਂ ਬਾਅਦ ਇੱਕ ਕਈ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚੋਂ ਰੂਸ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਵਿਸ਼ਵ ਅਥਲੈਟਿਕਸ ਦਾ ਹੈ। ਰੂਸੀ ਅਥਲੀਟ ਹੁਣ ਵਿਸ਼ਵ ਅਥਲੈਟਿਕਸ ਦੇ ਤਹਿਤ ਹੋਣ ਵਾਲੇ ਸਾਰੇ ਟੂਰਨਾਮੈਂਟਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਵਿਸ਼ਵ ਅਥਲੈਟਿਕਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ, ‘ਰੂਸ ਦੇ ਸਾਰੇ ਐਥਲੀਟਾਂ, ਸਹਿਯੋਗੀ ਸਟਾਫ਼ ਅਤੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਵਿਸ਼ਵ ਐਥਲੈਟਿਕਸ ਸੀਰੀਜ਼ ਦੇ ਤਹਿਤ ਹੋਣ ਵਾਲੇ ਸਾਰੇ ਟੂਰਨਾਮੈਂਟਾਂ ਤੋਂ ਬਾਹਰ ਕੀਤਾ ਜਾਂਦਾ ਹੈ।’
ਵਿਸ਼ਵ ਅਥਲੈਟਿਕਸ ਦੇ ਇਸ ਫੈਸਲੇ ਨਾਲ ਰੂਸੀ ਖਿਡਾਰੀ ਇਸ ਸਾਲ ਓਰੇਗਨ ‘ਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ, ਬੇਲਗ੍ਰੇਡ ‘ਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਇਨਡੋਰ ਚੈਂਪੀਅਨਸ਼ਿਪ ਅਤੇ ਮਸਕਟ ‘ਚ 4 ਮਾਰਚ ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਐਥਲੈਟਿਕਸ ਰੇਸ ਵਾਕਿੰਗ ਟੀਮ ਚੈਂਪੀਅਨਸ਼ਿਪ ‘ਚ ਹਿੱਸਾ ਨਹੀਂ ਲੈ ਸਕਣਗੇ।