ਯੂਕਰੇਨ ਦੇ ਵਿੱਚ ਰੂਸੀ ਹਮਲੇ ਤੋਂ ਬਾਅਦ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਤਬਾਹੀ ਦੇ ਇਸ ਮੰਜਰ ਨੇ ਕਈਆਂ ਨੂੰ ਡਰਾਇਆ ਅਤੇ ਕਈਆਂ ਨੂੰ ਰਵਾਇਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡਿਓਜ਼ ਰਹੀ ਯੂਕਰੇਨ ਦੇ ਲੋਕਾਂ ਦਾ ਦਰਦ ਸਭ ਦੇ ਸਾਹਮਣੇ ਆ ਗਿਆ ਹੈ। ਰੂਸੀ ਬਲਾਂ ਵੱਲੋਂ ਅਜੇ ਵੀ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਖਾਰਕਿਵ ਸ਼ਹਿਰ ‘ਤੇ ਹਮਲੇ ਜਾਰੀ ਨੇ। ਇਸ ਦੌਰਾਨ ਹੁਣ ਮੋਦੀ ਸਰਕਾਰ ਨੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਦੀ ਨਵੀਂ ਯੋਜਨਾ ਬਣਾਈ ਹੈ। ਦਰਅਸਲ ਭਾਰਤ ਸਰਕਾਰ ਵੱਲੋਂ ਆਪਣੇ ਚਾਰ ਮੰਤਰੀਆਂ ਨੂੰ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਭੇਜਿਆ ਜਾਵੇਗਾ।
ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਮੁੱਦੇ ‘ਤੇ ਉੱਚ ਪੱਧਰੀ ਬੈਠਕ ਬੁਲਾਈ ਹੈ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਦੇ ਮੰਤਰੀ ਗੁਆਂਢੀ ਮੁਲਕਾਂ ਯੂਕਰੇਨ, ਰੋਮਾਨੀਆ, ਹੰਗਰੀ, ਪੋਲੈਂਡ ਜਾਣਗੇ, ਜਿੱਥੋਂ ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜਿਨ੍ਹਾਂ ਮੰਤਰੀਆਂ ਨੂੰ ਉੱਥੇ ਭੇਜਿਆ ਜਾ ਰਿਹਾ ਹੈ, ਉਨ੍ਹਾਂ ਵਿੱਚ ਕਾਨੂੰਨ ਮੰਤਰੀ ਕਿਰਨ ਰਿਜਿਜੂ, ਹਰਦੀਪ ਪੁਰੀ, ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿਤਿਆ ਸਿੰਧੀਆ ਅਤੇ ਜਨਰਲ ਵੀ.ਕੇ.ਸਿੰਘ ਦਾ ਨਾਮ ਸ਼ਾਮਿਲ ਹੈ। ਇਹ ਮੰਤਰੀ ਭਾਰਤ ਦੇ ਵਿਸ਼ੇਸ਼ ਦੂਤ ਵਜੋਂ ਜਾ ਰਹੇ ਹਨ। ਮੰਤਰੀਆਂ ਨੂੰ ਉਥੇ ਭੇਜਣ ਦਾ ਫੈਸਲਾ ਇਸ ਲਈ ਲਿਆ ਗਿਆ ਹੈ, ਤਾਂ ਜੋ ਭਾਰਤੀ ਨਾਗਰਿਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਮੌਕੇ ‘ਤੇ ਹੀ ਦੂਰ ਕੀਤਾ ਜਾ ਸਕੇ। ਮੀਟਿੰਗ ਦੌਰਾਨ ਜ਼ਮੀਨੀ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ।
ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਇਹ ਮੁਲਾਕਾਤ 2 ਘੰਟੇ ਤੋਂ ਵੱਧ ਸਮੇ ਤੱਕ ਚੱਲੀ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਉਨ੍ਹਾਂ ਨੂੰ ਯੂਕਰੇਨ ਤੋਂ ਬਾਹਰ ਕੱਢਣਾ ਸਾਡੀ ਪ੍ਰਮੁੱਖ ਤਰਜੀਹ ਹੈ। ਇਸ ਤੋਂ ਇਲਾਵਾ ਨਿਕਾਸੀ ਨੂੰ ਤੇਜ਼ ਕਰਨ ਲਈ ਯੂਕਰੇਨ ਦੇ ਗੁਆਂਢੀ ਦੇਸ਼ਾਂ ਨਾਲ ਸਹਿਯੋਗ ਵਧਾਉਣ ਲਈ ਵੀ ਚਰਚਾ ਕੀਤੀ ਗਈ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਮੱਦੇਨਜ਼ਰ ਪੈਦਾ ਹੋਏ ਵਿਸ਼ਵਵਿਆਪੀ ਹਾਲਾਤ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਸੀ ਅਤੇ ਹਿੰਸਾ ਨੂੰ ਰੋਕਣ ਅਤੇ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ।