ਆਈਸੀਸੀ ਮਹਿਲਾ ਵਨਡੇ ਵਿਸ਼ਵ ਕੱਪ 4 ਮਾਰਚ ਤੋਂ ਨਿਊਜ਼ੀਲੈਂਡ ਵਿੱਚ ਸ਼ੁਰੂ ਹੋ ਰਿਹਾ ਹੈ। ਇਸ ਵਿਸ਼ਵ ਕੱਪ ਲਈ ਸਾਰੀਆਂ ਟੀਮਾਂ ਨੇ ਆਪਣੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਟੀਮਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਪਰ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਕੁੱਝ ਦਿਨ ਪਹਿਲਾਂ ਸ਼ਨੀਵਾਰ ਨੂੰ ਮੇਜ਼ਬਾਨ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੂੰ ਝਟਕਾ ਲੱਗਿਆ ਹੈ। ਨਿਊਜ਼ੀਲੈਂਡ ਦੀ ਬੱਲੇਬਾਜ਼ ਲੌਰੇਨ ਡਾਊਨ ਨੂੰ ਭਾਰਤ ਖਿਲਾਫ ਪੰਜਵੇਂ ਵਨਡੇ ਦੌਰਾਨ ਸੱਜੇ ਅੰਗੂਠੇ ‘ਤੇ ਸੱਟ ਲੱਗ ਗਈ ਸੀ। ਇਸ ਮੈਚ ਵਿੱਚ ਉਸ ਦਾ ਅੰਗੂਠਾ ਫ੍ਰੈਕਚਰ ਹੋ ਗਿਆ ਸੀ। ਇਸ ਕਾਰਨ ਇਹ ਖਿਡਾਰਨ ਘਰ ‘ਚ ਹੋਣ ਵਾਲੇ ਆਗਾਮੀ ਮਹਿਲਾ ਵਨਡੇ ਵਿਸ਼ਵ ਕੱਪ ‘ਚ ਨਹੀਂ ਖੇਡ ਸਕੇਗੀ।
ਲੌਰੇਨ ਦੀ ਜਗ੍ਹਾ ਜਾਰਜੀਆ ਪਲੀਮਰ ਨੂੰ ਸ਼ਾਮਿਲ ਕੀਤਾ ਜਾਵੇਗਾ, ਜੋ ਘਰੇਲੂ ਕ੍ਰਿਕਟ ਵਿੱਚ ਵੈਲਿੰਗਟਨ ਬਲੇਜ਼ ਲਈ ਖੇਡਦੀ ਹੈ। ਆਕਲੈਂਡ ਦੀ ਤੇਜ਼ ਗੇਂਦਬਾਜ਼ ਮੌਲੀ ਪੇਨਫੋਲਡ ਵੀ ਰਿਜ਼ਰਵ ਖਿਡਾਰੀ ਦੇ ਤੌਰ ‘ਤੇ ਟੀਮ ਦੇ ਨਾਲ ਸਫਰ ਕਰੇਗੀ। ਨਿਊਜ਼ੀਲੈਂਡ ਟੀਮ 4 ਮਾਰਚ ਨੂੰ ਵੈਸਟਇੰਡੀਜ਼ ਖਿਲਾਫ ਵਿਸ਼ਵ ਕੱਪ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।