ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅੱਜ ਤੀਜਾ ਦਿਨ ਹੈ। ਲੋਕ ਹੁਣ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਜੋ ਉਨ੍ਹਾਂ ਦੇ ਵੱਸ ਵਿਚ ਹੈ। ਹਜ਼ਾਰਾਂ ਲੋਕਾਂ ਨੂੰ ਸ਼ਹਿਰ ਛੱਡ ਕੇ ਦੂਜੇ ਦੇਸ਼ਾਂ ਵਿਚ ਜਾਂਦੇ ਦੇਖਿਆ ਜਾ ਸਕਦਾ ਹੈ। ਕਾਰਾਂ, ਬੱਸਾਂ, ਰੇਲਗੱਡੀਆਂ ਅਤੇ ਪੈਦਲ ਸਾਰੇ ਪੋਲੈਂਡ-ਹੰਗਰੀ ਵੱਲ ਭੱਜ ਰਹੇ ਹਨ। ਕੁਝ ਲੋਕ ਸ਼ੈਲਟਰਾਂ, ਵਿੱਚ ਰਹਿ ਰਹੇ ਹਨ। ਉਮੀਦ ਹੈ ਕਿ ਜਲਦੀ ਹੀ ਸਭ ਕੁਝ ਆਮ ਵਾਂਗ ਹੋ ਜਾਵੇਗਾ। ਪਰ ਰੂਸ ਦੀ ਫੌਜ ਯੂਕਰੇਨ ‘ਤੇ ਕਬਜ਼ੇ ਲਈ ਅੱਗੇ ਵੱਧ ਰਹੀ ਹੈ। ਉਸ ਦੀਆਂ ਤੋਪਾਂ ਲਗਾਤਾਰ ਬੰਬ ਸੁੱਟ ਰਹੀਆਂ ਹਨ। ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜ ਰਹੇ ਹਨ। ਇਸ ਦਰਮਿਆਨ ਇੱਕ ਯੂਕਰੇਨੀ ਪਰਿਵਾਰ ਦੇ ਘਰ ਕਿਲਕਾਰੀਆਂ ਗੂੰਜੀਆਂ ਨੇ। ਰੂਸੀ ਮਿਜ਼ਾਈਲਾਂ ਤੋਂ ਬਚਣ ਲਈ ਸ਼ੈਲਟਰ ਵਿੱਚ ਰੁਕੀ ਇੱਕ ਮਹਿਲਾ ਨੇ ਸੁੰਦਰ ਜਿਹੀ ਬੱਚੀ ਨੂੰ ਜਨਮ ਦਿੱਤਾ।
ਦਰਅਸਲ ਇੱਕ ਸ਼ੈਲਟਰ ਵਿਚ ਇੱਕ ਗਰਭਵਤੀ ਔਰਤ ਵੀ ਮੌਜੂਦ ਸੀ ਜਿਸ ਨੇ ਸ਼ੁੱਕਰਵਾਰ ਰਾਤ 8.30 ਵਜੇ ਬੱਚੀ ਨੂੰ ਜਨਮ ਦਿੱਤਾ। ਮਹਿਲਾ ਨੂੰ ਅਚਾਨਕ ਲੇਬਰ ਪੇਨ ਸ਼ੁਰੂ ਹੋਇਆ ਤਾਂ ਉਹ ਚੀਕਣ ਲੱਗੀ। ਬਾਹਰ ਰੂਸੀ ਤੋਪਾਂ ਗਰਜ ਰਹੀਆਂ ਸਨ ਅਜਿਹੇ ਵਿਚ ਉਸ ਨੂੰ ਹਸਪਤਾਲ ਲਿਜਾਣਾ ਮੁਸ਼ਕਲ ਸੀ। ਇਸ ਲਈ ਸ਼ੈਲਟਰ ਵਿਚ ਹੀ ਉਸ ਦੀ ਡਲਿਵਰੀ ਕਰਵਾਈ ਗਈ। ਫਿਲਹਾਲ ਔਰਤ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਮਾਂ ਨੇ ਕਿਹਾ – ਇਹ ਮੇਰੇ ਲਈ ਬਹੁਤ ਔਖਾ ਸਮਾਂ ਸੀ। ਮੈਂ ਬਹੁਤ ਤਣਾਅ ਵਿਚ ਸੀ।
ਮਹਿਲਾ ਨੇ ਆਪਣੀ ਬੱਚੀ ਦਾ ਨਾਂ Mia ਰੱਖਿਆ ਹੈ। ਮੁਸ਼ਕਲ ਦੌਰ ਵਿਚ ਯੂਕਰੇਨ ਦੇ ਲੋਕ ਇਸ ਬੱਚੀ ਨੂੰ ਉਮੀਦ ਦੇ ਤੌਰ ‘ਤੇ ਦੇਖ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਾਇਦ ਮੀਆਂ ਦੀ ਕਿਸਮਤ ਨਾਲ ਜੰਗ ਰੁਕ ਜਾਵੇ। ਕਈਆਂ ਦਾ ਕਹਿਣਾ ਹੈ ਕਿ ਇਹ ਚਮਤਕਾਰ ਹੀ ਹੈ ਕਿ ਘੱਟ ਸਹੂਲਤਾਂ ਵਿੱਚ ਵੀ ਇਸ ਬੱਚੀ ਨੇ ਜਨਮ ਲਿਆ। ਦੱਸ ਦੇਈਏ ਕਿ ਰੂਸ ਨੇ ਵੀਰਵਾਰ ਨੂੰ ਯੂਕਰੇਨ ਨਾਲ ਜੰਗ ਦਾ ਐਲਾਨ ਕੀਤਾ ਸੀ। ਉਦੋਂ ਤੋਂ ਰੂਸ ਦੀ ਫੌਜ ਲਗਾਤਾਰ ਯੂਕਰੇਨ ਨੂੰ ਨਿਸ਼ਾਨਾ ਬਣਾ ਰਹੀ ਹੈ। ਅਮਰੀਕਾ ਸਣੇ ਸਾਰੇ ਦੇਸ਼ਾਂ ਨੇ ਰੂਸ ‘ਤੇ ਪ੍ਰਤੀਬੱਧ ਲਗਾਏ ਹਨ ਪਰ ਇਸ ਦੇ ਬਾਵਜੂਦ ਰੂਸੀ ਫੌਜ ਅੱਗੇ ਵਧ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਘੰਟਿਆਂ ਵਿਚ ਰੂਸ ਯੂਕਰੇਨ ‘ਤੇ ਕਬਜ਼ਾ ਕਰ ਲਵੇਗਾ।