ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ ਅਤੇ ਦੋਵਾਂ ਧਿਰਾਂ ਨੇ ਇੱਕ ਦੂਜੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਹਮਲੇ ਦੇ ਐਲਾਨ ਤੋਂ ਬਾਅਦ ਯੂਕਰੇਨ ਨਾਲ ਜੰਗ ਸ਼ੁਰੂ ਹੋਈ ਹੈ। ਇਸ ਤੋਂ ਬਾਅਦ ਰੂਸੀ ਫੌਜਾਂ ਨੇ ਯੂਕਰੇਨ ਵੱਲ ਵੱਧਣਾ ਸ਼ੁਰੂ ਕਰ ਦਿੱਤਾ। ਯੂਕਰੇਨ ਦੇ ਬਾਰਡਰ ਗਾਰਡ ਨੇ ਕਿਹਾ ਹੈ ਕਿ ਰੂਸੀ ਜ਼ਮੀਨੀ ਬਲਾਂ ਨੇ ਯੂਕਰੇਨ ਵਿੱਚ ਕਈ ਦਿਸ਼ਾਵਾਂ ਤੋਂ ਹਮਲਾ ਕੀਤਾ ਹੈ। ਰੂਸੀ ਟੈਂਕ ਅਤੇ ਹੋਰ ਭਾਰੀ ਸਾਜ਼ੋ-ਸਾਮਾਨ ਕਈ ਉੱਤਰੀ ਖੇਤਰਾਂ ਦੇ ਨਾਲ-ਨਾਲ ਦੱਖਣ ਵਿੱਚ ਕ੍ਰੀਮੀਆ ਪ੍ਰਾਇਦੀਪ ਤੋਂ ਯੂਕਰੇਨ ਵਿੱਚ ਦਾਖਲ ਹੋਏ। ਇਸ ਤੋਂ ਬਾਅਦ ਦੋਵਾਂ ਧਿਰਾਂ ਦੇ ਜਵਾਨਾਂ ਵਿਚਾਲੇ ਹਿੰਸਕ ਝੜਪ ਹੋਈ।
ਯੂਕਰੇਨ ਨੇ ਦੇਸ਼ ਵਿੱਚ ਬਦਲਦੇ ਹਾਲਾਤ ਦੇ ਮੱਦੇਨਜ਼ਰ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਪੂਰਬੀ ਯੂਕਰੇਨ ਦੇ ਕਈ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੈਨਿਕਾਂ ਨੂੰ ਪੂਰਬ ਵੱਲ ਭੇਜਿਆ ਗਿਆ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ ਯੂਕਰੇਨ ਨੂੰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ ਯੂਰਪੀਅਨ ਯੂਨੀਅਨ ਏਵੀਏਸ਼ਨ ਸਕਿਓਰਿਟੀ ਏਜੰਸੀ (ਈ.ਏ.ਐੱਸ.ਏ.) ਨੇ ਸਾਰੇ ‘ਹਵਾਈ ਸੰਚਾਲਕਾਂ’ ਨੂੰ ਯੂਕਰੇਨ ਦੇ ਹਵਾਈ ਖੇਤਰ ‘ਚ ਨਾਗਰਿਕ ਜਹਾਜ਼ਾਂ ਨੂੰ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਹੈ ਕਿ ਹੁਣ ਇਹ ਇਲਾਕਾ ਟਕਰਾਅ ਵਾਲਾ ਖੇਤਰ ਬਣ ਗਿਆ ਹੈ।
ਰੂਸ-ਯੂਕਰੇਨ ਵਿਚਾਲੇ ਛਿੜੀ ਜੰਗ ਬਾਰੇ ਯੂਕਰੇਨ ਦੇ ਸਰਹੱਦੀ ਸੁਰੱਖਿਆ ਬਲਾਂ ਨੇ ਕਿਹਾ ਕਿ ਸਰਹੱਦ ਵਿੱਚ ਘੁਸਪੈਠ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਰਿਪੋਰਟ ਮੁਤਾਬਿਕ ਯੂਕਰੇਨ ਦੇ ਰਾਸ਼ਟਰਪਤੀ ਦਫਤਰ ਦੇ ਇੱਕ ਸਲਾਹਕਾਰ ਨੇ ਕਿਹਾ ਕਿ ਰੂਸੀ ਹਮਲੇ ਦੇ ਨਤੀਜੇ ਵਜੋਂ 40 ਤੋਂ ਵੱਧ ਸੈਨਿਕ ਸ਼ਹੀਦ ਹੋ ਗਏ ਹਨ, ਜਦਕਿ ਕਈ ਦਰਜਨ ਫੌਜੀ ਜ਼ਖਮੀ ਹੋ ਗਏ ਹਨ। ਰਾਸ਼ਟਰਪਤੀ ਦੇ ਸਲਾਹਕਾਰ ਨੇ ਕਿਹਾ ਹੈ ਕਿ ਯੂਕਰੇਨ ਦੀ ਸੈਨਾ ਭਿਆਨਕ ਲੜਾਈ ਲੜ ਰਹੀ ਹੈ। ਅਸੀਂ ਇਸ ਜੰਗ ਵਿੱਚ ਕੁੱਝ ਲੋਕ ਗੁਆਏ ਹਨ। ਪਰ ਕਈ ਥਾਵਾਂ ‘ਤੇ ਅਸੀਂ ਰੂਸੀ ਸੈਨਿਕਾਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਮੁੱਖ ਤੌਰ ‘ਤੇ ਫੌਜੀ ਬੁਨਿਆਦੀ ਢਾਂਚੇ ਅਤੇ ਸਿਲੋਜ਼ ਨੂੰ ਨਿਸ਼ਾਨਾ ਬਣਾ ਰਿਹਾ ਹੈ। ਯੂਕਰੇਨ ਦੀ ਫੌਜ ਨੇ ਕਿਹਾ ਹੈ ਕਿ ਹਮਲਿਆਂ ਨਾਲ ਕਈ ਚੈੱਕ ਪੋਸਟਾਂ ਅਤੇ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਰੂਸ ਨੇ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਹੈ।
ਯੂਕਰੇਨ ਦੇ ਜਨਰਲ ਸਟਾਫ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਖਾਰਕਿਵ ਵਿੱਚ ਰੂਸੀ ਟੈਂਕਾਂ ਨੂੰ ਤਬਾਹ ਕਰ ਦਿੱਤਾ ਹੈ। ਯੂਕਰੇਨ ਦੀ ਫੌਜ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਛੇ ਰੂਸੀ ਲੜਾਕੂ ਜਹਾਜ਼ਾਂ ਅਤੇ ਦੋ ਹੈਲੀਕਾਪਟਰਾਂ ਨੂੰ ਨਸ਼ਟ ਕਰ ਦਿੱਤਾ ਹੈ। ਯੂਕਰੇਨ ਦੇ ਸੈਨਿਕਾਂ ਨੇ ਲੁਹਾਨਸਕ ਖੇਤਰ ਦੇ ਸ਼ਾਚਸਤੀਆ ਸ਼ਹਿਰ ‘ਤੇ ਰੂਸ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ। ਕੀਵ ਪੋਸਟ ਮੁਤਾਬਕ ਦੁਸ਼ਮਣ ਦੇ ਹਥਿਆਰ ਨਸ਼ਟ ਕਰ ਦਿੱਤੇ ਗਏ ਹਨ ਅਤੇ ਕਰੀਬ 50 ਰੂਸੀ ਸੈਨਿਕ ਸ਼ਹੀਦ ਹੋਏ ਹਨ। ਇਸ ਤੋਂ ਇਲਾਵਾ ਕਈ ਰੂਸੀ ਟੈਂਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਗਈ ਹੈ।