ਅਕਸਰ ਹੀ ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਮੁਸ਼ਕਿਲ ਵਿੱਚ ਫ਼ਸ ਗਈ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮਾਣਹਾਨੀ ਕੇਸ ‘ਚ ਸੰਮਨ ਜਾਰੀ ਹੋਇਆ ਹੈ। 19 ਅਪ੍ਰੈਲ ਨੂੰ ਬਠਿੰਡਾ ਕੋਰਟ ‘ਚ ਪੇਸ਼ ਹੋਣ ਦਾ ਸੰਮਨ ਜਾਰੀ ਹੋਇਆ ਹੈ। ਕਿਸਾਨ ਅੰਦੋਲਨ ਦੌਰਾਨ ਵਿਵਾਦਾਂ ਵਿੱਚ ਰਹੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ ਅਤੇ 19 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਹਨ। ਜੇਕਰ ਫੇਰ ਵੀ ਅਦਾਕਾਰਾ ਕੰਗਨਾ ਰਣੌਤ ਅਦਾਲਤ ਵਿੱਚ ਪੇਸ਼ ਨਹੀਂ ਹੁੰਦੀ ਤਾਂ ਉਸ ਦੇ ਖਿਲਾਫ ਵਾਰੰਟ ਵੀ ਜਾਰੀ ਹੋ ਸਕਦੇ ਹਨ ਅਤੇ ਇਸ ਮਾਮਲੇ ਵਿਚ ਕੰਗਨਾ ਨੂੰ ਦੋ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।
ਦਰਅਸਲ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀ 73 ਸਾਲਾ ਬਜ਼ੁਰਗ ਔਰਤ ਮਹਿੰਦਰ ਕੌਰ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਦੱਸ ਦੇਈਏ ਕਿ ਬੇਬੇ ਮਹਿੰਦਰ ਕੌਰ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਹੈ। ਕੰਗਨਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਸੀ। ਜਿਸ ਵਿੱਚ ਅਦਕਾਰਾ ਨੇ ਮਹਿੰਦਰ ਕੌਰ ਦੀ ਫੋਟੋ ਲਗਾ ਕਿਹਾ ਸੀ 100-100 ਰੁਪਏ ਦੀ ਦਿਹਾੜੀਆਂ ‘ਤੇ ਆਏ ਹਨ। ਜਿਸ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਕੰਗਨਾ ਰਣੌਤ ਨੇ ਟਵਿੱਟਰ ‘ਤੇ ਬੇਬੇ ਮਹਿੰਦਰ ਕੌਰ ਦੀ ‘ਸ਼ਾਹੀਨ ਬਾਗ ਦੀ ਦਾਦੀ’ ਨਾਲ ਵੀ ਤੁਲਨਾ ਕੀਤੀ ਸੀ। ਬੇਬੇ ਮਹਿੰਦਰ ਕੌਰ ਦੇ ਵਕੀਲ ਮੁਤਾਬਿਕ ਸ਼ਿਕਾਇਤ ਭਾਰਤੀ ਦੰਡਾਵਲੀ ਦੀ ਧਾਰਾ 499 (ਮਾਨਹਾਨੀ) ਅਤੇ 500 (ਮਾਨਹਾਨੀ ਦੀ ਸਜ਼ਾ) ਤਹਿਤ ਦਰਜ ਕੀਤੀ ਗਈ ਸੀ।
ਸ਼ਿਕਾਇਤ ਵਿੱਚ ਬੇਬੇ ਮਹਿੰਦਰ ਕੌਰ ਨੇ ਕਿਹਾ ਕਿ ਅਦਾਕਾਰਾ ਨੇ ਟਵੀਟ ਵਿੱਚ ਮੇਰੀ ਤੁਲਨਾ ਕਿਸੇ ਹੋਰ ਔਰਤ ਨਾਲ ਕਰਕੇ ਝੂਠੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਮੈਂ ਉਹੀ ਦਾਦੀ ਹਾਂ ਜਿਸ ਨੇ ਸ਼ਾਹੀਨ ਬਾਗ ਦੇ ਵਿਰੋਧ ਪ੍ਰਦਰਸ਼ਨ ‘ਚ ਹਿੱਸਾ ਲਿਆ ਸੀ। ਇਸ ਤਰ੍ਹਾਂ ਦੀਆਂ ਟਿੱਪਣੀਆਂ ਦਾ ਇਸਤੇਮਾਲ ਕਰਕੇ ਅਭਿਨੇਤਰੀ ਨੇ ਉਸਦੀ ਸਾਖ ਅਤੇ ਵੱਕਾਰ ਨੂੰ ਠੇਸ ਪਹੁੰਚਾਈ ਹੈ। ਬੇਬੇ ਮਹਿੰਦਰ ਕੌਰ ਦਾ ਦਾਅਵਾ ਹੈ ਕਿ ਕੰਗਨਾ ਦੇ ਟਵੀਟ ਕਾਰਨ ਉਸ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਗੁਆਂਢੀਆਂ, ਪਿੰਡ ਵਾਸੀਆਂ ਅਤੇ ਆਮ ਲੋਕਾਂ ਦੀਆਂ ਨਜ਼ਰਾਂ ‘ਚ ਮਾਨਸਿਕ ਤਣਾਅ, ਦਰਦ, ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਕੰਗਨਾ ਨੇ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਖੇਚਲ ਵੀ ਨਹੀਂ ਕੀਤੀ।
ਕਿਸਾਨ ਅੰਦੋਲਨ ਦੌਰਾਨ ਮਹਿੰਦਰ ਕੌਰ ਨਾਲ ਜੁੜੀ ਇਕ ਪੋਸਟ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ ਸੀ, ‘ਹਾਹਾਹਾ, ਇਹ ਉਹੀ ਦਾਦੀ ਹੈ, ਜਿਸ ਨੂੰ ਟਾਈਮ ਮੈਗਜ਼ੀਨ ਦੇ ਕਵਰ ‘ਤੇ ਸਭ ਤੋਂ ਤਾਕਤਵਰ ਭਾਰਤੀ ਦੱਸਿਆ ਗਿਆ ਸੀ। ਇਹ 100 ਰੁਪਏ ਵਿੱਚ ਉਪਲਬਧ ਹੈ। ਪਾਕਿਸਤਾਨੀ ਪੱਤਰਕਾਰਾਂ ਨੇ ਭਾਰਤ ਲਈ ਸ਼ਰਮਨਾਕ ਤਰੀਕੇ ਨਾਲ ਅੰਤਰਰਾਸ਼ਟਰੀ PR ਨੂੰ ਹਾਈਜੈਕ ਕਰ ਲਿਆ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਬੋਲਣ ਲਈ ਸਾਨੂੰ ਆਪਣੇ ਲੋਕਾਂ ਦੀ ਲੋੜ ਹੈ।
ਇਸ ਮਾਮਲੇ ਵਿੱਚ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਕੰਗਨਾ ਨਾਲ ਸੋਸ਼ਲ ਮੀਡੀਆ ਉੱਤੇ ਬੜੀ ਤਿੱਖੀ ਬਹਿਸ ਹੋਈ ਸੀ । ਅਦਾਲਤ ਵੱਲੋਂ ਸਾਰੇ ਸਬੂਤਾਂ ਨੂੰ ਘੋਖਣ ਤੋਂ ਬਾਅਦ 19 ਮਾਰਚ ਨੂੰ ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਫੇਰ ਵੀ ਅਦਾਕਾਰਾ ਕੰਗਨਾ ਰਣੌਤ ਅਦਾਲਤ ਵਿੱਚ ਪੇਸ਼ ਨਹੀਂ ਹੁੰਦੀ ਤਾਂ ਉਸ ਦੇ ਵਾਰੰਟ ਵੀ ਜਾਰੀ ਹੋ ਸਕਦੇ ਹਨ ਅਤੇ ਇਸ ਮਾਮਲੇ ਵਿਚ ਕੰਗਨਾ ਨੂੰ ਦੋ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।