ਕੋਰੋਨਾ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਹਾਲਾਂਕਿ ਹੁਣ ਵਿਸ਼ਵ ਦੇ ਵਿੱਚ ਕੋਰੋਨਾ ਕੇਸ ਘੱਟਣੇ ਸ਼ੁਰੂ ਹੋ ਗਏ ਹਨ। ਕੋਰੋਨਾ ਨੂੰ ਹਰਾਉਣ ਲਈ ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਹੈ ਕੋਰੋਨਾ ਟੀਕਾ। ਸਭ ਤੋਂ ਪਹਿਲਾਂ ਬਜ਼ੁਰਗਾਂ ਨੂੰ ਟੀਕਾ ਲਗਾਇਆ ਗਿਆ, ਫਿਰ ਇਸ ਤੋਂ ਬਾਅਦ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ। ਇਸ ਤੋਂ ਬਾਅਦ ਹੁਣ ਸਾਰੇ ਦੇਸ਼ ਜਲਦੀ ਤੋਂ ਜਲਦੀ ਬੱਚਿਆਂ ਨੂੰ ਕੋਰੋਨਾ ਟੀਕਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ, ਕੁੱਝ ਦੇਸ਼ਾਂ ਨੇ ਬੱਚਿਆਂ ਲਈ ਕੋਰੋਨਾ ਵੈਕਸੀਨ ਬਣਾ ਲਈ ਹੈ। ਹੁਣ ਇਸ ਕੜੀ ਵਿੱਚ ਨਿਊਜੀਲੈਂਡ ਦਾ ਨਾਮ ਸਾਹਮਣੇ ਆਇਆ ਹੈ। .
ਨਿਊਜੀਲੈਂਡ ਦੇ ਦਵਾਈ ਰੈਗੂਲੇਟਰ ਮੈਡਸੇਫ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਟੀਕੇ ਨੂੰ ਆਰਜ਼ੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੂੰ ਉਮੀਦ ਹੈ ਕਿ ਇਸ ਟੀਕੇ ਨੂੰ ਅਗਲੇ ਹਫਤੇ ਵਿੱਚ ਮੰਤਰੀ ਮੰਡਲ ਦੀ ਪ੍ਰਵਾਨਗੀ ਵੀ ਮਿਲ ਜਾਵੇਗੀ। ਜਿਸ ਤੋਂ ਬਾਅਦ 12-15 ਸਾਲ ਦੇ ਬੱਚੇ ਕੋਰੋਨਾ ਟੀਕਾ ਲਗਵਾ ਸਕਣਗੇ। ਬੱਚਿਆਂ ਲਈ ਕੋਰੋਨਾ ਟੀਕਾ ਲਗਵਾਉਣਾ ਮਹੱਤਵਪੂਰਨ ਹੈ। ਮਾਪੇ ਆਪਣੇ ਬੱਚਿਆਂ ਨੂੰ ਟੀਕੇ ਬਗੈਰ ਕਿਤੇ ਵੀ ਨਹੀਂ ਭੇਜ ਰਹੇ ਹਨ। ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਦੇ ਨਾਲ ਹੁਣ ਸਾਰੇ ਦੇਸ਼ਾਂ ਨੇ ਪਾਬੰਦੀਆਂ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੀ ਜ਼ਿੰਦਗੀ ਹੌਲੀ-ਹੌਲੀ ਮੁੜ ਟਰੈਕ ‘ਤੇ ਆ ਰਹੀ ਹੈ। ਇਸਦੇ ਨਾਲ ਹੀ ਸਕੂਲ ਖੋਲ੍ਹਣ ਦੀਆਂ ਯੋਜਨਾਵਾਂ ਵੀ ਚੱਲ ਰਹੀਆਂ ਹਨ। ਪਰ ਕੋਰੋਨਾ ਦੇ ਡਰ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਝਿਜਕ ਰਹੇ ਹਨ।
ਨਿਊਜੀਲੈਂਡ ਵਿੱਚ, 12-15 ਸਾਲ ਉਮਰ ਸਮੂਹ ਵਿੱਚ 265,000 ਬੱਚੇ ਹਨ, ਜੋ ਕੁੱਲ ਆਬਾਦੀ ਦੇ 5 ਫੀਸਦੀ ਤੋਂ ਵੱਧ ਹਨ। ਇਸ ਵਿੱਚ ਜੇ 80 ਫੀਸਦੀ ਸ਼ਾਮਿਲ ਕੀਤੇ ਜਾਣ ਜੋ 16 ਸਾਲ ਤੋਂ ਵੱਧ ਉਮਰ ਦੇ ਹਨ, ਤਾਂ ਇਸਦਾ ਮਤਲਬ ਹੈ ਕਿ ਫਾਈਜ਼ਰ ਟੀਕੇ ਨੂੰ ਹੁਣ 85 ਫੀਸਦੀ ਆਬਾਦੀ ‘ਤੇ ਵਰਤਣ ਲਈ ਮੈਡਸੇਫ ਦੀ ਮਨਜ਼ੂਰੀ ਮਿਲ ਗਈ ਹੈ।