ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਮੁੜ ਮੁੱਖ ਮੰਤਰੀ ਨਾ ਬਣਨ ਦਾ ਦਰਦ ਛਲਕਿਆ ਹੈ। ਸੁਨੀਲ ਜਾਖੜ ਨੇ ਪਾਰਟੀ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਦੇ ਇੱਕ ਬਿਆਨ ਕਾਰਨ ਪਾਰਟੀ ਨੂੰ ਫੈਸਲਾ ਬਦਲਣਾ ਪਿਆ। ਉਨ੍ਹਾਂ ਨੇ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਉੱਤੇ ਵੱਡਾ ਇਲਜ਼ਾਮ ਲਾਇਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ‘ਜਦੋਂ ਮੇਰੇ ਹੱਕ ਵਿੱਚ 40 ਵਿਧਾਇਕ ਸਨ ਤਾਂ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਮੈਂ ਅੰਬਿਕਾ ਸੋਨੀ ਨੂੰ ਉਸ ਸਮੇਂ ਵੀ ਕਿਹਾ ਸੀ ਕਿ ਤੁਸੀਂ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ।’ ਸੁਨੀਲ ਜਾਖੜਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਹ ਬਿਆਨ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮੁੱਖ ਮੰਤਰੀ ਦੇ ਚਿਹਰੇ ਵਜੋਂ ਸੁਨੀਲ ਜਾਖੜ ਵਿਧਾਇਕਾਂ ਦੀ ਪਹਿਲੀ ਪਸੰਦ ਸਨ। ਹਾਈਕਮਾਂਡ ਵੀ ਜਾਖੜ ਦੇ ਹੱਕ ‘ਚ ਸੀ ਪਰ ਅੰਬਿਕਾ ਸੋਨੀ ਨੇ ਇਹ ਕਹਿ ਕੇ ਮਾਮਲਾ ਪਲਟ ਦਿੱਤਾ ਸੀ ਕਿ ਪੰਜਾਬ ‘ਚ ਮੁੱਖ ਮੰਤਰੀ ਦਾ ਚਿਹਰਾ ਸਿਰਫ਼ ਸਿੱਖ ਹੀ ਹੋਣਾ ਚਾਹੀਦਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਹਿੰਦੂ ਹਨ। ਉਸ ਤੋਂ ਵੀ ਵੱਧ ਮਾਣ ਇਹ ਹੈ ਕਿ ਉਹ ਹਿੰਦੁਸਤਾਨੀ ਹਨ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਪੰਜਾਬੀ ਹਨ।