ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ‘ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਅਟਾਰੀ ‘ਚ ਰੈਲੀ ਦੌਰਾਨ ਕਿਸੇ ਨੇ ਮਾਨ ‘ਤੇ ਹਮਲਾ ਕਰ ਦਿੱਤਾ। ਭਗਵੰਤ ਮਾਨ ਚੋਣ ਪ੍ਰਚਾਰ ਦੇ ਸਿਲਸਿਲੇ ‘ਚ ਉਥੇ ਗਏ ਸਨ ਅਤੇ ਉਨ੍ਹਾਂ ਦੇ ਰੋਡ ਸ਼ੋਅ ਦੌਰਾਨ ਹਮਲਾ ਹੋਇਆ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਅਟਾਰੀ ਇਲਾਕੇ ‘ਚ ਉਸ ਸਮੇਂ ਉਨ੍ਹਾਂ ‘ਤੇ ਪਥਰਾਅ ਕੀਤਾ ਗਿਆ, ਜਦੋਂ ਭਗਵੰਤ ਮਾਨ ਕਾਰ ਦੀ ਸਨਰੂਫ ਖੋਲ੍ਹ ਕੇ ਖੜ੍ਹੇ ਹੋ ਕੇ ਲੋਕਾਂ ਦਾ ਸਵਾਗਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਜਾ ਰਿਹਾ ਸੀ, ਉਸ ਵੇਲੇ ਕੋਈ ਚੀਜ਼ ਉਨ੍ਹਾਂ ਦੇ ਮੱਥੇ ਉਤੇ ਵੱਜੀ। ਇਸ ਤੋਂ ਬਾਅਦ ਉਨ੍ਹਾਂ ਦੇ ਨਾਲ ਚੱਲ ਰਹੀ ਸਮਰਥਕਾਂ ਦੀ ਭੀੜ ਜੋ ਨਾਅਰੇਬਾਜ਼ੀ ਕਰ ਰਹੀ ਸੀ ਉਹ ਪੂਰੀ ਤਰ੍ਹਾਂ ਸ਼ਾਂਤ ਹੋ ਗਈ। ਭਗਵੰਤ ਮਾਨ ਵੀ ਕਾਰ ਦੇ ਅੰਦਰ ਹੀ ਬੈਠ ਗਏ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪੱਥਰ ਮਾਰਿਆ ਗਿਆ ਸੀ। ਪਰ ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਕਿ ਵੱਟਾ ਕਿਸ ਨੇ ਮਾਰਿਆ ਸੀ।