ਰੈਸਲਰ ਦਿ ਗ੍ਰੇਟ ਖਲੀ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਖਲੀ ਨੇ ਦਿੱਲੀ ਸਥਿਤ ਭਾਜਪਾ ਦਫਤਰ ‘ਚ ਪਾਰਟੀ ਦੀ ਮੈਂਬਰਸ਼ਿਪ ਹਾਸਿਲ ਕੀਤੀ। ਖਲੀ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਅਸਲੀ ਨਾਂ ਦਲੀਪ ਸਿੰਘ ਰਾਣਾ ਹੈ। ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਲੀ ਨੇ ਪੀਐਮ ਮੋਦੀ ਦੀ ਤਾਰੀਫ਼ ਕੀਤੀ। ਦਿ ਗ੍ਰੇਟ ਖਲੀ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਿਲ ਹੋ ਕੇ ਉਹ ਚੰਗਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਹੀ ਕੋਈ ਦੇਸ਼ ਅਜਿਹਾ ਬਚਿਆ ਹੋਵੇ ਜਿੱਥੇ ਮੈਂ ਕੁਸ਼ਤੀ ਨਾ ਖੇਡੀ ਹੋਵੇ। ਜੇ ਮੈਂ ਪੈਸਾ ਕਮਾਉਣਾ ਚਾਹੁੰਦਾ ਸੀ, ਤਾਂ ਮੈਂ ਅਮਰੀਕਾ ਵਿੱਚ ਰਹਿੰਦਾ। ਪਰ ਮੈਂ ਭਾਰਤ ਇਸ ਲਈ ਆਇਆ ਹਾਂ ਕਿਉਂਕਿ ਮੈਨੂੰ ਦੇਸ਼ ਨਾਲ ਪਿਆਰ ਹੈ।
ਖਲੀ ਨੇ ਅੱਗੇ ਕਿਹਾ, ਦੇਖਿਆ ਹੈ ਕਿ ਦੇਸ਼ ਨੂੰ ਮੋਦੀ ਦੇ ਰੂਪ ‘ਚ ਸਹੀ ਪ੍ਰਧਾਨ ਮੰਤਰੀ ਮਿਲਿਆ ਹੈ। ਮੈਂ ਸੋਚਿਆ ਕਿ ਕਿਉਂ ਨਾ ਦੇਸ਼ ਵਿੱਚ ਰਹਿ ਕੇ ਹੱਥ ਮਿਲਾਇਆ ਜਾਵੇ ਅਤੇ ਦੇਸ਼ ਨੂੰ ਅੱਗੇ ਲਿਜਾਣ ਵਿੱਚ ਯੋਗਦਾਨ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਪੀਐਮ ਮੋਦੀ ਅਤੇ ਭਾਜਪਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹਨ।ਖਲੀ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਅਰੁਣ ਸਿੰਘ ਅਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ।