ਪੰਜਾਬ ਵਿਧਾਨ ਸਭਾ ਚੋਣਾਂ ਦਿਨੋਂ ਦਿਨ ਨੇੜੇ ਆ ਰਹੀਆਂ ਨੇ ਇਸ ਦੌਰਾਨ ਉਮੀਦਵਾਰਾਂ ਵੱਲੋਂ ਧੜੱਲੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਚੋਣ ਪ੍ਰਚਾਰ ਵਿਚਾਲੇ ਛੱਡ ‘ਆਪ’ ਦੇ ਸੀਐੱਮ ਫੇਸ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਲੋਕ ਸਭਾ ਵਿੱਚ ਹਾਜ਼ਰ ਹੋ ਕੇ ਕਿਸਾਨਾਂ ਦਾ ਗੰਭੀਰ ਮੁੱਦਾ ਚੁੱਕਿਆ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਸਾਨ ਨੂੰ ਗੰਨੇ ਦੀ ਅਦਾਇਗੀ ਸਣੇ ਹੋਰ ਕਿਸਾਨ ਮਸਲਿਆਂ ਨੂੰ ਲੋਕ ਸਭਾ ਵਿਚ ਖੁੱਲ਼੍ਹ ਕੇ ਚੁੱਕਿਆ। ਉਨ੍ਹਾਂ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਵਾਅਦਾਖਿਲਾਫੀ ਵੱਲ ਵੀ ਸੰਸਦ ਦਾ ਧਿਆਨ ਦਵਾਇਆ।
ਭਗਵੰਤ ਮਾਨ ਨੇ ਕਿਹਾ ਕਿ ਸ਼ੂਗਰ ਐਕਟ 1966 ਤਹਿਤ ਗੰਨੇ ਦੇ ਕਿਸਾਨਾਂ ਨੂੰ ਸ਼ੂਗਰ ਮਿੱਲਾਂ ਨੂੰ 14 ਦਿਨਾਂ ਵਿਚ ਪੇਮੈਂਟ ਕਰਨੀ ਹੁੰਦੀ ਹੈ ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਵਿਆਜ ਦੇਣਾ ਪੈਂਦਾ ਹੈ ਪਰ 2020-21-22 ਵਿਚ ਗੰਨੇ ਦਾ ਸਰਕਾਰੀ ਰੇਟ 360 ਰੁ. ਕੁਇੰਟਲ ਸੀ ਤੇ ਮਿੱਲਾਂ 325 ਰੁਪਏ ਦੇ ਰਹੀਆਂ ਸਨ ਤੇ ਸਰਕਾਰ ਨੇ 35 ਰੁਪਏ ਦੇਣੇ ਸਨ। ਮਾਨ ਨੇ ਕਿਹਾ ਕਿ ਸ਼ੂਗਰ ਮਿੱਲਾਂ 325 ਰੁ. ਪ੍ਰਤੀ ਕੁਇੰਟਲ ਦੇ ਰਹੀਆਂ ਹਨ ਪਰ ਸਰਕਾਰ ਵੱਲੋਂ 35 ਰੁਪਏ ਦਾ ਬੋਨਸ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਮੇਰੇ ਹਲਕੇ ਸੰਗਰੂਰ, ਧੂਰੀ, ਭਗਵਾਨਪੁਰਾ ਵਿਚ ਸ਼ੂਗਰ ਮਿੱਲਾਂ ਹਨ ਤੇ ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਸਵਾ ਕਰੋੜ ਰੁਪਏ ਪਿਛਲੇ ਸਾਲ ਤੇ 20 ਕਰੋੜ ਰੁਪਏ ਇਸ ਸਾਲ ਦੇ ਪੈਂਡਿੰਗ ਹਨ।
ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਲੱਗਣ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਵੀ ਕਿਸਾਨਾਂ ਨੂੰ ਕੋਈ ਮੁਆਵਜ਼ਾ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਮੁਆਫੀ ਮੰਗਦੇ ਹੋਏ ਵਾਪਸ ਤਾਂ ਲੈ ਲਿਆ ਗਿਆ ਹੈ ਪਰ ਸੰਘਰਸ਼ ਦੌਰਾਨ ਕਿਸਾਨਾਂ ਉਤੇ ਦਰਜ ਹੋਏ ਕੇਸ ਵਾਪਸ ਨਹੀਂ ਲਏ ਗਏ। ਇਸ ਤੋਂ ਇਲਾਵਾ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਬਾਰੇ ਵੀ ਕੋਈ ਕਾਰਵਾਈ ਨਹੀਂ ਹੋਈ ਹੈ।