ਪੰਜਾਬ ਵਿੱਚ ਜਿੱਥੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਕਾਰ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਉੱਥੇ ਹੀ ਕਰੋਨਾ ਦੇ ਵਾਧੇ ਨੂੰ ਲੈ ਕੇ ਵੀ ਲੋਕਾਂ ਦੀ ਸੁਰੱਖਿਆ ਵਾਸਤੇ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਕੋਵਿਡ-19 ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਨਵੀਆਂ ਹਦਾਇਤਾਂ ਅਨੁਸਾਰ ਸਮੂਹ ਵਿਦਿਅਕ ਅਦਾਰਿਆਂ ਨੂੰ 8 ਫਰਵਰੀ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸਤੋਂ ਪਹਿਲਾਂ ਜਾਰੀ ਨੋਟੀਫਿਕੇਸ਼ਨ ਅਨੁਸਾਰ 1 ਫਰਵਰੀ ਨੂੰ ਸਕੂਲ ਖੋਲ੍ਹੇ ਜਾਣੇ ਸਨ।
ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਰੱਖਣ ਅਤੇ ਰਾਤ ਦਸ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਨਾਈਟ ਕਰਫਿਊ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ‘ਚ ‘ਨੋ ਮਾਸਕ ਨੋ ਸਰਵਿਸ’ ਦਾ ਨਿਯਮ ਵੀ ਜਾਰੀ ਰਹੇਗਾ। ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਅਤੇ ਕੋਚਿੰਗ ਸੈਂਟਰ ਵੀ ਇਸ ਦੌਰਾਨ ਬੰਦ ਰਹਿਣਗੇ। ਬਾਰ, ਜਿੰਮ, ਸਿਨੇਮਾ, ਰੈਸਟੂਰੈਂਟ 50 ਫੀਸਦੀ ਸਮਰੱਥਾ ਦੇ ਨਾਲ ਖੁੱਲ੍ਹੇ ਰਹਿਣਗੇ। ਮੈਡੀਕਲ ਤੇ ਨਰਸਿੰਗ ਕਾਲਜ ਵੀ ਰਹਿਣਗੇ ਖੁੱਲ੍ਹੇ। ਨਵੇਂ ਨਿਯਮਾਂ ਅਨੁਸਾਰ AC ਬੱਸਾਂ 50 ਫ਼ੀਸਦੀ ਸਮਰੱਥਾ ਨਾਲ ਚੱਲ ਸਕਣਗੀਆਂ। ਜਦਕਿ ਕਿਸੇ ਵੀ ਆਊਟਡੋਰ ਪ੍ਰੋਗਰਾਮ ‘ਚ 1000 ਤੇ ਇਨਡੋਰ ਪ੍ਰੋਗਰਾਮ ‘ਚ 500 ਬੰਦੇ ਸ਼ਾਮਿਲ ਹੋ ਸਕਣਗੇ। ਇਸ ਦੌਰਾਨ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਮਾਸਕ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਕਰੋਨਾ ਟੀਕਾਕਰਨ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੈਕਟਰੀਆਂ, ਸਰਕਾਰੀ ਦਫ਼ਤਰਾਂ, ਉਦਯੋਗਾਂ ਅਤੇ ਨਿੱਜੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਦਾ ਟੀਕਾਕਰਨ ਵੀ ਲਾਜ਼ਮੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਚੌਥੀ ਵਾਰੀ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸਤੋਂ ਪਹਿਲਾਂ 15 ਜਨਵਰੀ ਤੱਕ, ਫਿਰ 25 ਜਨਵਰੀ ਅਤੇ ਮੁੜ 1 ਫਰਵਰੀ ਤੱਕ ਸਕੂਲ ਬੰਦ ਰੱਖਣ ਦੀਆਂ ਪਾਬੰਦੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਥੇ ਹੀ ਚੋਣਾਂ ਵਿੱਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦਾ ਟੀਕਾਕਰਨ ਅਤੇ ਬੂਸਟਰ ਡੋਜ਼ ਦੇ ਆਦੇਸ਼ ਜਾਰੀ ਕੀਤੇ ਹਨ। ਹਵਾਈ ਉਡਾਣਾਂ ਰਾਹੀਂ ਪੰਜਾਬ ਆਉਣ ਵਾਲੇ ਯਾਤਰੀਆਂ ਦਾ ਕਰੋਨਾ ਟੀਕਾਕਰਣ ਅਤੇ ਨੈਗੇਟਿਵ ਰਿਪੋਰਟ 72 ਘੰਟੇ ਪਹਿਲਾਂ ਦੀ ਹੋਣੀ ਲਾਜ਼ਮੀ ਕੀਤੀ ਗਈ ਹੈ।