ਭਾਰਤੀ ਮਹਿਲਾ ਹਾਕੀ ਟੀਮ ਨੇ ਸੋਮਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਮਾਨ ਦੇ ਮਸਕਟ ‘ਚ FIH ਪ੍ਰੋ ਲੀਗ-2021-22 ਦੇ ਮੈਚ ‘ਚ ਚੀਨ ਨੂੰ ਇਕਤਰਫਾ ਮੈਚ ‘ਚ 7-1 ਨਾਲ ਹਰਾ ਦਿੱਤਾ ਹੈ। ਭਾਰਤ ਨੇ ਇੱਥੇ ਚੀਨ ਦੇ ਖਿਲਾਫ ਦੋ ਮੈਚ ਖੇਡਣੇ ਹਨ। ਪਹਿਲਾ ਮੈਚ ਸੋਮਵਾਰ ਨੂੰ ਖੇਡਿਆ ਗਿਆ ਜਦਕਿ ਦੂਜਾ ਮੈਚ ਮੰਗਲਵਾਰ ਨੂੰ ਖੇਡਿਆ ਜਾਵੇਗਾ। ਭਾਰਤ ਨੇ ਹਾਲ ਹੀ ਵਿੱਚ ਚੀਨ ਨੂੰ 2-0 ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ-2022 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਲਈ ਨਵਨੀਤ ਕੌਰ, ਨੇਹਾ, ਵੰਦਨਾ ਕਟਾਰੀਆ, ਸੁਸ਼ੀਲ ਚਾਨੂ, ਸ਼ਰਮੀਲਾ ਦੇਵੀ ਅਤੇ ਗੁਰਜੀਤ ਕੌਰ ਨੇ ਗੋਲ ਕੀਤੇ। ਚੀਨ ਲਈ ਡੇਂਗ ਸ਼ੂਈ ਨੇ ਇਕਮਾਤਰ ਗੋਲ ਕੀਤਾ।
ਭਾਰਤ ਨੇ ਪਹਿਲੇ ਕੁਆਰਟਰ ਵਿੱਚ ਦੋ ਗੋਲ ਕੀਤੇ। ਇਸ ਤੋਂ ਬਾਅਦ ਤੀਜੇ ਕੁਆਰਟਰ ਵਿੱਚ ਗੋਲ ਕੀਤਾ। ਚੌਥੇ ਕੁਆਰਟਰ ਵਿੱਚ ਭਾਰਤੀ ਟੀਮ ਦਾ ਦਬਦਬਾ ਵੱਧ ਰਿਹਾ ਅਤੇ ਚਾਰ ਗੋਲ ਕਰਨ ਵਿੱਚ ਕਾਮਯਾਬ ਰਹੀ। ਚੀਨ ਦਾ ਇੱਕੋ ਇੱਕ ਗੋਲ ਤੀਜੇ ਕੁਆਰਟਰ ਵਿੱਚ ਆਇਆ। ਇਸ ਗੋਲ ਤੋਂ ਬਾਅਦ ਸੋਚਿਆ ਜਾ ਰਿਹਾ ਸੀ ਕਿ ਚੀਨ ਵਾਪਸੀ ਕਰੇਗਾ ਪਰ ਭਾਰਤ ਨੇ ਆਖ਼ਰੀ ਕੁਆਰਟਰ ਵਿੱਚ ਲਗਾਤਾਰ ਗੋਲ ਕਰਕੇ ਉਸ ਦਾ ਸੁਪਨਾ ਤੋੜ ਦਿੱਤਾ।