ਸੋਮਵਾਰ ਨੂੰ ਆਪਣੇ ਪਿਤਾ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਲਵੰਤ ਸਿੰਘ ਰਾਜੋਆਣਾ ਲੁਧਿਆਣਾ ਦੇ ਦੁੱਗਰੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਪੁੱਜੇ ਸਨ। ਬਲਵੰਤ ਸਿੰਘ ਰਾਜੋਆਣਾ ਦੇ ਪਿਤਾ ਜਸਵੰਤ ਸਿੰਘ ਦਾ 22 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦਾ ਭੋਗ ਸੋਮਵਾਰ ਨੂੰ ਲੁਧਿਆਣਾ ਦੇ ਬਾਬਾ ਦੀਪ ਸਿੰਘ ਗੁਰਦੁਆਰਾ ਫਲਾਵਰ ਇਨਕਲੇਵ ਵਿੱਚ ਰੱਖਿਆ ਹੋਇਆ ਸੀ। ਦੱਸ ਦੇਈਏ ਹੈ ਕਿ ਬਲਵੰਤ ਸਿੰਘ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਪਿਤਾ ਬੀਤੀ 22 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ ਜਿਸ ਤਹਿਤ ਉਨ੍ਹਾਂ ਨੇ ਹਾਈ ਕੋਰਟ ਤੋਂ ਪੈਰੋਲ ਦੀ ਮੰਗ ਕੀਤੀ ਸੀ ਜਿਸ ਨੂੰ ਹਾਈ ਕੋਰਟ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਸੀ। ਉਨ੍ਹਾਂ ਨੂੰ ਅਦਾਲਤ ਵੱਲੋਂ ਪਿਤਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਇੱਕ ਘੰਟੇ ਦੀ ਪੈਰੋਲ ਮਿਲੀ ਸੀ।
ਇਸ ਮੌਕੇ ਰਾਜੋਆਣਾ ਨੇ ਬਿਆਨ ਦਿੰਦਿਆਂ ਕਾਂਗਰਸ ਪਾਰਟੀ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਕਾਂਗਰਸ ਦਾ ਰਾਜ ਭਾਗ ਖਾਲਸਾ ਪੰਥ ਦੇ ਮੱਥੇ ਉਪਰ ਕਲੰਕ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਹੀ ਇਕਲੌਤੀ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਨੂੰ ਹੋਰ ਮਜ਼ਬੂਤ ਕਰਨ ਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਮੇਰੀ ਰੂਹ ਅਕਾਲੀ, ਮੇਰਾ ਦਿਲ ਅਕਾਲੀ ਅਤੇ ਮੈਂ ਅਕਾਲੀ ਹਾਂ। ਦੂਜੇ ਪਾਸੇ ਰਾਜੋਆਣਾ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਵੀ ਤਿੱਖਾ ਹਮਲਾ ਕੀਤਾ ਹੈ।