ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਬਹੁਤ ਜ਼ਿਆਦਾ ਸਰਗਰਮ ਹੈ। ਇਸੇ ਵਿਚਾਲੇ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਪੰਜਾਬ ਦੌਰੇ ‘ਤੇ ਹਨ। ਆਮ ਆਦਮੀ ਪਾਰਟੀ (ਆਪ) ਨੇ ਇਸ ਵਾਰ ਪੰਜਾਬ ਚੋਣਾਂ ਵਿੱਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦੂਜੇ ਦਿਨ ਦੀ ਫੇਰੀ ਦੌਰਾਨ ਜਲੰਧਰ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇੱਕ ਮੌਕਾ ਦਿਓ, ਜੇ ਕੰਮ ਨਾ ਕੀਤਾ ਤਾਂ ਅਗਲੀ ਵਾਰ ਪੰਜਾਬ ਵਿੱਚ ਵੋਟ ਮੰਗਣ ਨਹੀਂ ਆਵਾਂਗਾ। ਇਸ ਤੋਂ ਇਲਾਵਾ ਉਨ੍ਹਾਂ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਬਣਨਾ ਚਾਹੀਦਾ ਹੈ ਪਰ ਇਸ ਦਾ ਮਕਸਦ ਕਿਸੇ ਨੂੰ ਪ੍ਰੇਸ਼ਾਨ ਕਰਨਾ ਨਹੀਂ ਹੋਣਾ ਚਾਹੀਦਾ।
ਇਸ ਤੋਂ ਅੱਗੇ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਦਿੱਲੀ ਦੇ ਲੋਕਾਂ ਨੇ ਮੈਨੂੰ ਵੋਟ ਨਹੀਂ ਸੀ ਦਿੱਤੀ, ਹੁਣ ਦੇਣ ਲੱਗ ਪਏ ਹਨ ਕਿਉਂਕਿ ਮੈਂ ਉਨ੍ਹਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਕਦੇ ਵੀ ਲੋਕਾਂ ਨੂੰ ਡਰਾਇਆ ਨਹੀਂ ਹੈ । ਜੇ ਅਸੀਂ ਲੋਕਾਂ ਨੂੰ ਡਰਾਉਂਦੇ ਤਾਂ ਮੈਂ ਇੱਥੇ ਕੁਝ ਵੀ ਕਹਿਣ ਦੀ ਹਿੰਮਤ ਨਾ ਕਰਦਾ। ਉਨ੍ਹਾਂ ਕਿਹਾ ਕਿ ਹੁਣ ਮੈਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣਾ ਚਾਹੁੰਦਾ ਹਾਂ। ਮੈਨੂੰ ਪੰਜ ਸਾਲ ਦੇ ਦਿਓ ਅਤੇ ਸਾਨੂੰ ਵੇਖੋ।