ਸ਼ੁੱਕਰਵਾਰ ਨੂੰ ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਦੌੜ ‘ਚ ਲੱਗੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪਰਿਵਾਰਕ ਵਿਵਾਦ ਵਿੱਚ ਘਿਰ ਗਏ ਹਨ। ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਅਚਾਨਕ ਮੀਡੀਆ ਸਾਹਮਣੇ ਆਈ ਤੇ ਨਵਜੋਤ ਸਿੱਧੂ ‘ਤੇ ਵੱਡੇ ਇਲਜ਼ਾਮ ਲਗਾਏ। ਜਿਸ ਨਾਲ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਪਰਿਵਾਰਕ ਵਿਵਾਦ ਵਿੱਚ ਘਿਰ ਗਏ ਹਨ। ਅਮਰੀਕਾ ਤੋਂ ਆਈ ਸਿੱਧੂ ਦੀ ਭੈਣ ਸੁਮਨ ਤੂਰ ਨੇ ਵੱਡੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਨਵਜੋਤ ਸਿੱਧੂ ਨੇ ਘਰੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ ਮੀਡੀਆ ਨੂੰ ਬਿਆਨ ਦੇ ਕੇ ਝੂਠ ਬੋਲਿਆ ਕਿ ਮੇਰੇ ਮਾਤਾ-ਪਿਤਾ ਵੱਖ ਹੋ ਗਏ ਹਨ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਹਨ ਪਰ ਇਹ ਸਾਰਾ ਕੁੱਝ ਝੂਠ ਹੈ।
ਉਨ੍ਹਾਂ ਕਿਹਾ ਕਿ 1986 ਵਿਚ ਜਦੋਂ ਪਿਤਾ ਭਗਵੰਤ ਸਿੱਧੂ ਦਾ ਭੋਗ ਸਮਾਗਮ ਸੀ ਤਾਂ ਉਸ ਦੇ ਤੁਰੰਤ ਬਾਅਦ ਸਿੱਧੂ ਨੇ ਮਾਂ ਨੂੰ ਉਨ੍ਹਾਂ ਦੇ ਘਰੋਂ ਕੱਢ ਦਿੱਤਾ। ਸੁਮਨ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਆਪਣਾ ਅਕਸ ਬਚਾਉਣ ਲਈ ਦਿੱਲੀ ਦੇ ਚੱਕਰ ਕੱਟੇ ਤੇ ਆਖਿਰ ਦਿੱਲੀ ਰੇਲਵੇ ਸਟੇਸ਼ਨ ਉਤੇ ਉਨ੍ਹਾਂ ਦੀ ਲਾਵਾਰਿਸ ਦੀ ਤਰ੍ਹਾਂ ਮੌਤ ਹੋ ਗਈ। ਉਨ੍ਹਾਂ ਕਿਹਾ ਸਿੱਧੂ ਨੇ ਇਹ ਸਾਰਾ ਕੁੱਝ ਪ੍ਰਾਪਰਟੀ ਲਈ ਕੀਤਾ।
ਸੁਮਨ ਤੂਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਤੋਂ 13 ਸਾਲ ਵੱਡੀ ਹੈ ਅਤੇ ਅਮਰੀਕਾ ਵਿੱਚ ਰਹਿੰਦੀ ਹੈ। ਸਿੱਧੂ ਨੇ ਬਿਆਨ ਦਿੱਤਾ ਸੀ ਕਿ ਮਾਂ ਦੀ ਜੁਡੀਸ਼ੀਅਲ ਸੈਪਰੇਸਨ ਹੋਈ ਹੈ, ਉਸ ਸਮੇਂ ਮੈਂ ਦੋ ਸਾਲ ਦਾ ਸੀ। ਮੇਰਾ ਮੇਰੀ ਮਾਂ-ਭੈਣਾਂ ਨਾਲ ਕੋਈ ਰਿਸ਼ਤਾ ਨਹੀਂ ਹੈ, ਇਸ ਕਰਕੇ ਮੇਰੀ ਮਾਂ ਕਚਹਿਰੀ ਵਿੱਚ ਵੀ ਗਈ। ਸੁਮਨ ਨੇ ਕਿਹਾ ਕਿ ਮੈਂ ਸੋਚਦੀ ਹਾਂ ਕਿ ਇਹ ਬਿਆਨ ਸ਼ੈਰੀ ਨੇ ਸਿਰਫ ਪੈਸੇ ਪਿੱਛੇ ਦਿੱਤਾ ਸੀ, ਇਸ ਲਈ ਸ਼ੈਰੀ ਨੇ ਮਾਂ ਨੂੰ ਜਾਇਦਾਦ ’ਚੋਂ ਕੱਢਿਆ ਸੀ। ਪਿਤਾ ਦੀ ਮੌਤ ਤੋਂ ਬਾਅਦ ਸਿੱਧੂ ਨੇ ਮੇਰੀ ਮਾਂ ਨੂੰ ਘਰੋਂ ਕੱਢ ਕੇ ਕਿਹਾ ਕਿ ਇੱਥੇ ਤੇਰਾ ਕੁੱਝ ਨਹੀਂ ਹੈ। ਸੁਮਨ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਸਿੱਧੂ ਨੂੰ ਮਿਲਣ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਵੀ ਗਈ ਸੀ ਪਰ ਸਿੱਧੂ ਨੇ ਮੈਨੂੰ ਅੰਦਰ ਨਹੀਂ ਆਉਣ ਦਿੱਤਾ ਤੇ ਉਸ ਨੇ ਮੇਰਾ ਨੰਬਰ ਵੀ ਬਲਾਕ ਕੀਤਾ ਹੋਇਆ ਹੈ।