ਮੰਗਲਵਾਰ ਨੂੰ ਪੰਜਾਬ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ। ਪਰ ਸੂਚੀ ਜਾਰੀ ਹੋਣ ਮਗਰੋਂ ਪਾਰਟੀ ‘ਚ ਬਗਾਵਤ ਦੇ ਸੁਰ ਵੀ ਉੱਠਣ ਲੱਗੇ ਹਨ। ਦਰਅਸਲ ਸਾਹਨੇਵਾਲ ਤੋਂ ਪਾਰਟੀ ਨੇ ਰਜਿੰਦਰ ਕੌਰ ਭੱਠਲ ਤੇ ਜਵਾਈ ਬਿਕਰਮ ਬਾਜਵਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਜਿਸ ਕਾਰਨ ਸਾਹਨੇਵਾਲ ਤੋਂ ਕਾਂਗਰਸ ਦੀ ਟਿਕਟ ‘ਤੇ 2017 ਦੀ ਚੋਣ ਲੜ ਚੁੱਕੀ ਉਮੀਦਵਾਰ ਸਤਵਿੰਦਰ ਬਿੱਟੀ ਨੇ ਪਾਰਟੀ ਖਿਲਾਫ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਗਾਇਕੀ ਤੋਂ ਸਿਆਸਤ ਦੇ ਅਖਾੜੇ ‘ਚ ਉਤਰੀ ਸਤਵਿੰਦਰ ਬਿੱਟੀ ਵੀ ਕਾਂਗਰਸ ਦੀ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਕਾਫ਼ੀ ਨਿਰਾਸ਼ ਨਜ਼ਰ ਆਏ।
ਬਿੱਟੀ ਨੇ ਕਿਹਾ ਕਿ ਉਹ ਪਰਿਵਾਰਵਾਦ ਅਤੇ ਸਿਆਸਤ ਦੀ ਭੇਟ ਚੜ੍ਹੀ ਹੈ। ਬਿੱਟੀ ਨੇ ਕਿਹਾ ਕਿ ਪਾਰਟੀ ਨੇ ਇਹ ਫੈਸਲਾ ਉਨ੍ਹਾਂ ਦੇ ਖਿਲਾਫ ਨਹੀਂ ਸਗੋਂ ਧੀਆਂ ਦੇ ਖਿਲਾਫ ਲਿਆ ਹੈ। ਬਿੱਟੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਪਾਰਟੀ ਮਹਿਲਾਵਾਂ ਨੂੰ ਵੱਧ ਤੋਂ ਵੱਧ ਟਿਕਟਾਂ ਦੇਣ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਲੁਧਿਆਣਾ ‘ਚ ਇੱਕ ਵੀ ਮਹਿਲਾ ਉਮੀਦਵਾਰ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ। ਫਿਲਹਾਲ ਹੁਣ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ।