ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਦੇਸ਼ ਵਿੱਚ ਵੱਧ ਰਹੇ ਓਮੀਕਰੋਨ ਦੀ ਖਤਰੇ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਆਪਣਾ ਵਿਆਹ ਰੱਦ ਕਰ ਦਿੱਤਾ ਹੈ। ਹਾਲਾਂਕਿ ਆਰਡਰਨ ਅਤੇ ਉਨ੍ਹਾਂ ਦੇ ਸਾਥੀ ਕਲਾਰਕ ਗੇਫੋਰਡ ਨੇ ਆਪਣੇ ਵਿਆਹ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਸੀ। ਪਰ ਮੰਨਿਆ ਜਾ ਰਿਹਾ ਸੀ ਕਿ ਅਗਲੇ ਕੁੱਝ ਹਫ਼ਤਿਆਂ ਵਿੱਚ ਉਨ੍ਹਾਂ ਦਾ ਵਿਆਹ ਹੋਣਾ ਸੀ।
ਨਵੀਆਂ ਪਾਬੰਦੀਆਂ ਘੱਟੋ-ਘੱਟ ਅਗਲੇ ਮਹੀਨੇ ਦੇ ਅੰਤ ਤੱਕ ਲਾਗੂ ਰਹਿਣਗੀਆਂ। ਜਦੋਂ ਆਰਡਰਨ ਨੂੰ ਪੁੱਛਿਆ ਗਿਆ ਕਿ ਉਹ ਪਾਬੰਦੀਆਂ ਲਗਾਉਣ ਬਾਰੇ ਕਿਵੇਂ ਮਹਿਸੂਸ ਕਰਦੇ ਹਨ ਜਿਸ ਕਾਰਨ ਉਨ੍ਹਾਂ ਦੇ ਆਪਣੇ ਵਿਆਹ ਨੂੰ ਰੱਦ ਕੀਤਾ ਗਿਆ, ਤਾਂ ਉਨ੍ਹਾਂ ਨੇ ਕਿਹਾ, “ਇਹੀ ਜ਼ਿੰਦਗੀ ਹੈ।” ਉਨ੍ਹਾਂ ਕਿਹਾ ਕਿ, “ਮੈਂ ਨਿਊਜ਼ੀਲੈਂਡ ਦੇ ਹਜ਼ਾਰਾਂ ਹੋਰ ਲੋਕਾਂ ਤੋਂ ਵੱਖਰੀ ਨਹੀਂ ਹਾਂ ਜਿਨ੍ਹਾਂ ਨੇ ਮਹਾਂਮਾਰੀ ਦੇ ਵਿਨਾਸ਼ਕਾਰੀ ਪ੍ਰਭਾਵਾਂ ਦਾ ਸਾਹਮਣਾ ਕੀਤਾ ਹੈ।” ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕੋਵਿਡ ਦੇ 15,104 ਕੇਸ ਦਰਜ ਕੀਤੇ ਗਏ ਹਨ ਅਤੇ 52 ਮੌਤਾਂ ਹੋਈਆਂ ਹਨ।
ਦੱਸ ਦੇਈਏ ਕਿ ਪੂਰੇ ਨਿਊਜ਼ੀਲੈਂਡ ਵਿੱਚ ਐਤਵਾਰ ਰਾਤ ਤੋਂ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਕੱਠਾਂ ‘ਤੇ ਪਾਬੰਦੀ ਹੋਵੇਗੀ। ਸਿਰਫ਼ ਸੀਮਤ ਗਿਣਤੀ ਵਿੱਚ ਲੋਕ ਹੀ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਦੇ ਯੋਗ ਹੋਣਗੇ। ਦਰਅਸਲ, ਨਿਊਜ਼ੀਲੈਂਡ ਵਿੱਚ ਇੱਕ ਵਿਆਹ ਤੋਂ ਬਾਅਦ ਓਮੀਕਰੋਨ ਦੇ 9 ਮਾਮਲੇ ਸਾਹਮਣੇ ਆਏ ਸਨ। ਜਿਸ ਕਾਰਨ ਕਮਿਊਨਿਟੀ ਸਪਰੈੱਡ ਦਾ ਖਤਰਾ ਵੱਧ ਗਿਆ ਹੈ। ਇੱਥੇ ਇੱਕ ਪਰਿਵਾਰ ਆਕਲੈਂਡ ਤੋਂ ਵਿਆਹ ਸਮਾਗਮ ਵਿੱਚ ਸ਼ਾਮਿਲ ਹੋ ਕੇ ਜਹਾਜ਼ ਰਾਹੀਂ ਦੱਖਣੀ ਆਈਸਲੈਂਡ ਪਰਤਿਆ ਸੀ। ਇਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਅਤੇ ਫਲਾਈਟ ਅਟੈਂਡੈਂਟ ਦੀ ਕੋਰੋਨਾ ਰਿਪੋਰਟ ਪੌਜੇਟਿਵ ਆਈ ਸੀ। ਇਸੇ ਕਾਰਨ ਨਿਊਜ਼ੀਲੈਂਡ ‘ਚ ਪਬੰਦੀਆਂ ਲਗਾਈਆਂ ਗਈਆਂ ਹਨ।
ਨਵੀਆਂ ਪਾਬੰਦੀਆਂ ਦੇ ਤਹਿਤ, ਬਾਰਾਂ ਅਤੇ ਰੈਸਟੋਰੈਂਟਾਂ ਅਤੇ ਵਿਆਹਾਂ ਵਰਗੇ ਸਮਾਗਮਾਂ ਵਿੱਚ 100 ਤੱਕ ਲੋਕਾਂ ਦੀ ਆਗਿਆ ਹੈ। ਇਸ ਤੋਂ ਇਲਾਵਾ ਜੇਕਰ ਸਮਾਗਮ ਵਾਲੀ ਥਾਂ ‘ਤੇ ਵੈਕਸੀਨ ਪਾਸ ਨਹੀਂ ਹੈ ਤਾਂ ਸਿਰਫ਼ 25 ਲੋਕ ਹੀ ਹਾਜ਼ਰ ਹੋ ਸਕਦੇ ਹਨ। ਇਸ ਤੋਂ ਇਲਾਵਾ ਮਾਰਚ 2020 ਤੋਂ ਨਿਊਜ਼ੀਲੈਂਡ ਵਿੱਚ ਵਿਦੇਸ਼ੀਆਂ ਲਈ ਸਰਹੱਦਾਂ ਬੰਦ ਹਨ। ਓਮੀਕਰੋਨ ਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਇਸ ਨੂੰ ਖੋਲ੍ਹਣ ਦਾ ਫੈਸਲਾ ਅੱਗੇ ਵਧਾ ਦਿੱਤਾ ਹੈ। ਨਿਊਜ਼ੀਲੈਂਡ ਵਿੱਚ, 12 ਸਾਲ ਤੋਂ ਵੱਧ ਉਮਰ ਦੀ ਲਗਭਗ 94 ਫੀਸਦੀ ਆਬਾਦੀ ਦਾ ਟੀਕਾਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 56 ਫੀਸਦੀ ਆਬਾਦੀ ਨੂੰ ਬੂਸਟਰ ਡੋਜ਼ ਵੀ ਲਗਾਈ ਗਈ ਹੈ।